ਦਲਬੀਰ ਸੱਖੋਵਾਲੀਆ
ਬਟਾਲਾ, 22 ਨਵੰਬਰ
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਅੱਜ ਸਿਵਲ ਹਸਪਤਾਲ ਬਟਾਲਾ ਵਿਚ 66 ਕੇ.ਵੀ. ਬਿਜਲੀ ਘਰ ਦੇ 2 ਨੰਬਰ 11 ਕੇ.ਵੀ. ਫੀਡਰ ਦਾ ਉਦਘਾਟਨ ਕੀਤਾ ਗਿਆ। ਨਵੇਂ ਫੀਡਰ ਦਾ ਸਭ ਤੋਂ ਵੱਧ ਫਾਇਦਾ ਪੁਰਾਣੇ ਸਿਵਲ ਹਸਪਤਾਲ ਵਿਚ ਪੁੱਡਾ ਵਲੋਂ ਬਣਾਈ ਮਾਰਕੀਟ ਦੇ ਦੁਕਾਨਦਾਰਾਂ ਨੂੰ ਹੋਇਆ ਹੈ ਜਿਹੜੇ ਪਿਛਲੇ 6 ਸਾਲਾਂ ਤੋਂ ਬਿਜਲੀ ਕੁਨੈਕਸ਼ਨਾਂ ਤੋਂ ਵਾਂਝੇ ਸਨ।
ਸ੍ਰੀ ਬਾਜਵਾ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਨਵੇਂ ਫੀਡਰ ਸ਼ੁਰੂ ਹੋਣ ਨਾਲ ਹੁਣ ਸਿਵਲ ਹਸਪਤਾਲ ਬਟਾਲਾ, ਨਿਊ ਮਹਾਜਨ ਕਲੋਨੀ, ਉਮਰਪੁਰਾ, ਸਾਊਥ ਸਿਟੀ, ਮਲਾਵੇ ਦੀ ਕੋਠੀ ਸਮੇਤ ਨਹਿਰੂ ਗੇਟ ਦੇ ਬਾਹਰਵਾਰ ਪੁੱਡਾ ਮਾਰਕੀਟ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਨਿਰਵਿਘਨ ਬਿਜਲੀ ਸਪਲਾਈ ਜਾ ਸਕੇਗੀ। ਇਨ੍ਹਾਂ ਵਿਚੋਂ ਬਹੁਤੇ ਇਲਾਕਿਆਂ ਵਿੱਚ ਬਿਜਲੀ ਅੱਚਲ ਸਾਹਿਬ ਦੇ ਬਿਜਲੀ ਘਰ ਤੋਂ ਆਉਂਦੀ ਸੀ ਅਤੇ ਲਾਈਨ ਲੰਬੀ ਹੋਣ ਕਾਰਨ ਮੀਂਹ-ਹਨੇਰੀ ਕਾਰਨ ਲਾਈਨ ਵਿੱਚ ਖ਼ਰਾਬੀ ਪੈ ਜਾਂਦੀ ਸੀ ਪਰ ਹੁਣ ਸ਼ਹਿਰ ਦੇ ਬਿਜਲੀ ਘਰ ਤੋਂ ਸਪਲਾਈ ਹੋਣ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।