ਪੱਤਰ ਪ੍ਰੇਰਕ
ਤਰਨ ਤਾਰਨ, 1 ਅਪਰੈਲ
ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਅੱਜ ਪਹਿਲੀ ਅਪਰੈਲ ਤੋਂ ਇੱਥੋਂ ਦੀ ਦਾਣਾ ਮੰਡੀ ਵਿੱਚ ਕਣਕ ਦੀ ਖ਼ਰੀਦ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ| ਉਂਜ, ਅੱਜ ਪਹਿਲੇ ਦਿਨ ਮੰਡੀ ਵਿੱਚ ਕਣਕ ਦੀ ਆਮਦ ਨਹੀਂ ਹੋਈ| ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਮੰਡੀ ਦੀ ਬਿਜਲੀ ਸਪਲਾਈ ਠੱਪ ਹੋਣ ਕਾਰਨ ਇੱਥੇ ਪਾਣੀ ਤੱਕ ਵੀ ਨਸੀਬ ਨਹੀਂ ਹੋ ਰਿਹਾ| ਅਧਿਕਾਰੀਆਂ ਨੇ ਪਾਣੀ ਨਾ ਹੋਣ ਕਰਕੇ ਅੱਜ ਤੱਕ ਸਫ਼ਾਈ ਨਾ ਕੀਤੇ ਜਾਣ ਕਰਕੇ ਜਨਤਕ ਪਖਾਨਿਆਂ ਨੂੰ ਬੰਦ ਕੀਤਾ ਹੋਇਆ ਹੈ| ਮਾਰਕੀਟ ਕਮੇਟੀ ਦੇ ਸੈਕਟਰੀ ਆਰ. ਕੇ. ਭਾਟੀਆ ਨੇ ਦੱਸਿਆ ਕਿ ਇਹ ਸਮੱਸਿਆ ਮੰਡੀ ਦੇ ਟਰਾਂਸਫਾਰਮਰ ਦੇ ਖਰਾਬ ਹੋਣ ਕਰਕੇ ਆ ਰਹੀ ਹੈ| ਉਨ੍ਹਾਂ ਦੱਸਿਆ ਕਿ ਇਸ ਖਰਾਬ ਟਰਾਂਸਫਾਰਮਰ ਨੂੰ ਬੀਤੇ ਦਿਨ ਬਦਲਿਆ ਗਿਆ ਸੀ ਪਰ ਨਵਾਂ ਟਰਾਂਸਫਾਰਮਰ ਕੰਮ ਨਹੀਂ ਕਰ ਸਕਿਆ ਜਿਸ ਕਰਕੇ ਪਾਵਰਕੌਮ ਦੇ ਅਧਿਕਾਰੀ ਉਸ ਨੂੰ ਵਾਪਸ ਲੈ ਗਏ ਹਨ| ਉਨ੍ਹਾਂ ਕਿਹਾ ਕਿ ਮੰਡੀ ਵਿੱਚ ਇੰਨੇ ਲੰਬੇ ਸਮੇਂ ਤੋਂ ਬਿਜਲੀ-ਪਾਣੀ ਆਦਿ ਦੀ ਸਪਲਾਈ ਠੱਪ ਹੋਣ ਕਰਕੇ ਝੋਨਾ (1121 ਬਾਸਮਤੀ), ਸਰ੍ਹੋਂ-ਤੋਰੀਆ ਆਦਿ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਮੰਡੀ ਵਿੱਚ ਕਰੀਬ 38 ਸਾਲ ਪਹਿਲਾਂ ਬਣਾਇਆ ਕਿਸਾਨ ਵਿਸ਼ਰਾਮ ਘਰ 30 ਸਾਲਾਂ ਤੋਂ ਪੁਲੀਸ ਦੇ ਕਬਜ਼ੇ ਵਿੱਚ ਹੈ|