ਗੁਰਬਖ਼ਸ਼ਪੁਰੀ
ਤਰਨ ਤਾਰਨ, 3 ਜੂਨ
ਕੋਟ ਧਰਮ ਚੰਦ ਕਲਾਂ ਵਿੱਚ ਦੋ ਭਰਾਵਾਂ ਦੀ ਹੱਤਿਆ ਦੇ ਸਬੰਧ ਵਿੱਚ ਝਬਾਲ ਪੁਲੀਸ ਵਲੋਂ ਦਰਜ ਕੇਸ ਦੇ ਤੱਥਾਂ ਨੇ ਪੁਲੀਸ ਨੂੰ ਮੁੱਢਲੀ ਜਾਂਚ ਵਿੱਚ ਹੀ ਉਲਝਾ ਕੇ ਰੱਖ ਦਿੱਤਾ ਹੈ| ਹੱਤਿਆ ਦੇ ਇਸ ਮਾਮਲੇ ਵਿੱਚ ਦਿਲਬਾਗ ਸਿੰਘ (45) ਅਤੇ ਉਸ ਦੇ ਛੋਟੇ ਭਰਾ ਲਾਲ ਸਿੰਘ (40) ਦੀ ਮੌਤ ਹੋ ਗਈ ਸੀ| ਪੁਲੀਸ ਨੇ ਮ੍ਰਿਤਕ ਦਿਲਬਾਗ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾਂ ਦੇ ਛੋਟੇ ਭਰਾ ਮਨਜਿੰਦਰ ਸਿੰਘ ਤੇ ਉਸ ਦੀ ਪਤਨੀ ਗੁਰਜੀਤ ਕੌਰ ਸਮੇਤ ਮ੍ਰਿਤਕਾਂ ਦੇ ਚਾਚਾ ਗੁਰਦਿਆਲ ਸਿੰਘ, ਉਸ ਦੇ ਲੜਕੇ ਗੱਜਣ ਸਿੰਘ ਦੇ ਨਾਲ ਨਾਲ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ| ਪੁਲੀਸ ਵਲੋਂ ਦਰਜ ਕੀਤੀ ਐੱਫ਼ਆਈਆਰ ਅਨੁਸਾਰ ਦਿਲਬਾਗ ਸਿੰਘ ਦੀ ਮੌਤ ਉਸ ਦੇ ਛੋਟੇ ਭਰਾ ਮਨਜਿੰਦਰ ਸਿੰਘ ਦੇ ਰਿਵਾਲਵਰ ਦੀ ਗੋਲੀ ਨਾਲ ਅਤੇ ਲਾਲ ਸਿੰਘ ਦੀ ਮੌਤ ਉਸ ਦੇ ਚਾਚਾ ਗੁਰਦਿਆਲ ਸਿੰਘ ਦੀ 315 ਬੋਰ ਦੀ ਰਾਈਫਲ ਨਾਲ ਚਲਾਈ ਗੋਲੀ ਕਰ ਕੇ ਹੋਈ ਦਰਜ ਕੀਤੀ ਗਈ ਹੈ| ਇਨ੍ਹਾਂ ਤੱਥਾਂ ਦੇ ਐਨ ਉਲਟ ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਦੋਹਾਂ ਮ੍ਰਿਤਕਾਂ ਨੂੰ ਤਿੰਨ-ਤਿੰਨ ਗੋਲੀਆਂ ਲੱਗੀਆਂ ਹਨ ਜਿਹੜੀਆਂ ਪਿਸਤੌਲ ਦੀਆਂ ਹਨ| ਕੇਸ ਦੀ ਜਾਂਚ ਕਰਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਇਕ ਸ਼ੱਕੀ ਮੁਲਜ਼ਮ ਨੂੰ ਪੁੱਛ-ਗਿੱਛ ਲਈ ਹਿਰਾਸਤ ਵਿੱਚ ਲਿਆ ਹੈ।