ਐਨ.ਪੀ.ਧਵਨ
ਪਠਾਨਕੋਟ, 12 ਅਕਤੂਬਰ
ਜ਼ਿਲ੍ਹਾ ਪਠਾਨਕੋਟ ਅਧੀਨ ਖੇਤਰ ਪੰਜਾਬ-ਹਿਮਾਚਲ ਸੀਮਾ ਦੇ ਵਿਚਕਾਰ ਵਗਦੇ ਚੱਕੀ ਦਰਿਆ ਵਿੱਚ ਨਾਜਾਇਜ਼ ਖਣਨ ਧੜੱਲੇ ਨਾਲ ਜਾਰੀ ਹੈ। ਪਿੰਡ ਹਰਿਆਲ ਨਜ਼ਦੀਕ ਕੁੱਝ ਕਰੱਸ਼ਰਾਂ ਵਾਲੇ ਚੱਕੀ ਦਰਿਆ ਵਿੱਚ ਨਾਜਾਇਜ਼ ਖਣਨ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਹਰਿਆਲ ਖੇਤਰ ਵਿੱਚ ਸ਼ਾਮ 5 ਵਜੇ ਤੋਂ ਲੈ ਕੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੱਕ ਨਾਜਾਇਜ਼ ਖਣਨ ਹੁੰਦੀ ਹੈ ਪਰ ਪੰਜਾਬ ਖਣਨ ਵਿਭਾਗ ਇਸ ਜਗ੍ਹਾ ਨੂੰ ਹਿਮਾਚਲ ਸੂਬੇ ਅਧੀਨ ਆਉਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਲੈਂਦਾ ਹੈ। ਇਸ ਨਾਜਾਇਜ਼ ਖਣਨ ਕਾਰਨ ਚੱਕੀ ਦਰਿਆ ਦੇ ਨਾਲ ਲੱਗਦੀ ਸੈਂਕੜੇ ਏਕੜ ਉਪਜਾਊ ਭੂਮੀ ਬੰਜਰ ਬਣ ਰਹੀ ਹੈ।
ਇਸ ਸਬੰਧੀ ਜਦੋਂ ਹਿਮਾਚਲ ਖਣਨ ਵਿਭਾਗ ਦੇ ਅਧਿਕਾਰੀ ਨੀਰਜ ਕਾਂਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਚੱਕੀ ਦਰਿਆ ਵਿੱਚ ਨਾਜਾਇਜ਼ ਖਣਨ ਨੂੰ ਅੰਜਾਮ ਦੇਣ ਵਾਲੇ ਮਾਫੀਆ ਦੇ ਲੋਕਾਂ ਖ਼ਿਲਾਫ਼ ਕਾਰਵਾਈ ਕਰਦੇ ਹਨ ਤਾਂ ਉਹ ਆਪਣੀਆਂ ਗੱਡੀਆਂ ਭਜਾ ਕੇ ਪੰਜਾਬ ਖੇਤਰ ਵੱਲ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਪੰਜਾਬ ਖਣਨ ਵਿਭਾਗ ਦੇ ਅਧਿਕਾਰੀਆਂ ਨੂੰ ਸਾਂਝੀ ਕਾਰਵਾਈ ਕਰਨ ਲਈ ਕਹਿ ਚੁੱਕੇ ਹਨ ਪਰ ਊਨ੍ਹਾਂ ਵਲੋਂ ਹੁੰਗਾਰਾ ਨਹੀਂ ਮਿਲਿਆ।