ਤਰਨ ਤਾਰਨ,(ਗੁਰਬਖਸ਼ਪੁਰੀ): ਸੂਬਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੇ ਅੱਜ ਇਥੋਂ ਦੇ ਬੱਸ ਅੱਡਾ ਤੇ ਨਵੀਂ ਪੈਨਸ਼ਨ ਸਕੀਮ (ਐੱਨਪੀਐੱਸ) ਖਿਲਾਫ਼ ਰੋਸ ਦਾ ਪ੍ਰਗਟਾਵਾ ਕਰਦਿਆਂ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਐਕਟ (ਪੀ.ਐੱਫ.ਆਰ.ਡੀ.ਏ) ਦੀਆਂ ਕਾਪੀਆਂ ਸਾੜੀਆਂ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਕੁਲਵਿੰਦਰ ਸਿੰਘ, ਪ੍ਰਭਜੋਤ ਸਿੰਘ ਗੋਹਲਵੜ, ਅੰਗਰੇਜ ਸਿੰਘ, ਸਰਬਜੀਤ ਸਿੰਘ, ਜਗਮੋਹਣ ਸਿੰਘ, ਦਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਲਾਲਪੁਰਾ, ਅਮਨਦੀਪ ਸਿੰਘ ਭੁੱਲਰ ਨੇ ਸੰਬੋਧਨ ਕੀਤਾ| ਬੁਲਾਰਿਆਂ ਬੀਤੇ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਆਮ ਲੋਕਾਂ, ਕਿਸਾਨਾਂ, ਮੁਲਾਜਮਾਂ ਆਦਿ ਖਿਲਾਫ਼ ਕੀਤੇ ਲਗਾਤਾਰ ਲਏ ਗਏ ਫੈਸਲਿਆਂ ਦੀ ਨਿਖੇਧੀ ਕੀਤੀ| ਆਗੂਆਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦਾ ਹੱਕ ਖੋਹ ਕੇ ਮੁਲਾਜ਼ਮਾਂ ਨੂੰ ਸ਼ੇਅਰ ਬਾਜ਼ਾਰ ਦੇ ਉਤਰਾ ਚੜ੍ਹਾ ਨਾਲ ਬੰਨ੍ਹ ਦਿੱਤਾ ਹੈ| ਆਗੂਆਂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਦੀ ਮੰਗ ਕੀਤੀ| ਆਗੂਆਂ 29 ਅਗਸਤ ਨੂੰ ਲੁਧਿਆਣਾ ਵਿੱਚ ਕੀਤੀ ਜਾਨ ਵਾਲੀ ਸੂਬਾ ਪੱਧਰ ਦੀ ਰੈਲੀ ਵਿੱਚ ਵੱਡੀ ਪੱਧਰ ਤੇ ਪਹੁੰਚਣ ਦੀ ਅਪੀਲ ਕੀਤੀ|