ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 23 ਮਈ
ਅੱਜ ਜੰਡਿਆਲਾ ਹਲਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਣਾ ਕਲਾਂ ਵਿਖੇ ਸਮਾਰਟ ਪ੍ਰੀ ਪ੍ਰਾਇਮਰੀ ਕਲਾਸ ਰੂਮ ਅਤੇ ਸਕੂਲ ਦੇ ਗੇਟ ਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਸਕੂਲਾਂ ਵਿੱਚ ਸਿੱਖਿਆ ਦੇ ਮਾਹੌਲ ਨੂੰ ਸੁਖਾਵਾਂ ਬਣਾਇਆ ਜਾਵੇਗਾ ਤਾਂ ਜੋ ਬੱਚਿਆ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਸ੍ਰੀ ਈਟੀਓ ਨੇ ਕਿਹਾ ਆਮ ਆਦਮੀ ਪਾਰਟੀ ਸਰਕਾਰ ਦੀ ਮੁੱਢਲੀ ਤਰਜੀਹ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣਾ ਹੈ ਤੇ ਇਸ ਲਈ ਜਲਦ ਹੀ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ। ਬਿਜਲੀ ਮੰਤਰੀ ਨੇ ਕਿਹਾ ਪ੍ਰੀ-ਪ੍ਰਾਇਮਰੀ ਕਲਾਸਾਂ ਤੋਂ ਹੀ ਬੱਚਿਆਂ ਦਾ ਅਧਾਰ ਬਣਦਾ ਹੈ ਤਾਂ ਹੀ ਬੱਚੇ ਅੱਗੇ ਜਾ ਕੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਸਕਦੇ ਹਨ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਉਨ੍ਹਾਂ ਨੇ ਵੀ ਆਪਣੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਹੀ ਕੀਤੀ ਹੈ ਅਤੇ ਉਹ ਖ਼ੁਦ ਉਸ ਸਕੂਲ ਵਿਚ ਅਧਿਆਪਕ ਰਹੇ ਹਨ, ਜਿਥੇ ਉਨ੍ਹਾਂ ਨੇ ਆਪ ਪੜ੍ਹਾਈ ਕੀਤੀ ਸੀ। ਉਨ੍ਹਾਂ ਕਿਹਾ ਸਾਡੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਦੀ ਪੜ੍ਹਾਈ ਤੋਂ ਕਾਫੀ ਬਿਹਤਰ ਹਨ। ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਸਕੂਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਇਸ ਸਕੂਲ ਨੇ ਬਲਾਕ ਵਿਚੋਂ ਆਪਣੇ ਸਕੂਲ ਦੀ ਦਾਖਲਾ ਪ੍ਰਤੀਸ਼ਤਤਾ ਵਿੱਚ ਕਾਫੀ ਵਾਧਾ ਕੀਤਾ ਹੈ। ਉਨ੍ਹਾਂ ਨੇ ਸਕੂਲ ਦੀ ਇਨਰੋਲਮੈਂਟ ਵਿੱਚ ਵਾਧਾ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਤ ਵੀ ਕੀਤਾ ਅਤੇ ਐਲਾਨ ਕੀਤਾ ਕਿ ਜਲਦ ਹੀ ਇਸ ਸਕੂਲ ਵਿੱਚ ਤਿਨ ਨਵੇਂ ਕਮਰੇ, ਬਰਾਂਡਾ ਅਤੇ ਸਕੂਲ ਦੀ ਚਾਰਦੀਵਾਰੀ ਕਰਵਾਈ ਜਾਵੇਗੀ।ਇਸ ਮੌਕੇ ਪਿੰਡ ਵਾਸੀ ਰਣਜੀਤ ਸਿੰਘ ਕਲੇਰ ਦੀ ਸਹਾਇਤਾ ਨਾਲ ਕੈਬਿਨਟ ਮੰਤਰੀ ਵੱਲੋਂ ਸਕੂਲੀ ਬੱਚਿਆਂ ਨੂੰ 100 ਸਕੂਲ ਬੈਗ ਵੀ ਵੰਡੇ ਗਏ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ਼ ਸ਼ਰਮਾ, ਬਲਾਕ ਸਿੱਖਿਆ ਅਫਸਰ, ਯਸ਼ਪਾਲ, ਮੁੱਖ ਅਧਿਆਪਕ ਰਜਿੰਦਰ ਸਿੰਘ, ਅਧਿਆਪਕ ਜਸਕਰਨ ਸਿੰਘ, ਬਲਵਿੰਦਰ ਕੌਰ, ਸਿਮਰਜੀਤ ਕੌਰ, ਕੋਆਡੀਨੇਟਰ ਮਨੀਸ਼ ਕੁਮਾਰ, ਸੰਦੀਪ ਸਿਆਲ, ਰਵੀ ਭਾਰਦਵਾਜ਼, ਮਲਕੀਤ ਸਿੰਘ ਭੁੱਲਰ, ਵਿਜੇ ਕੁਮਾਰ ਤੋੰ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।