ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਜੂਨ
ਸੁਪਰੀਮ ਕੋਰਟ ਵੱਲੋਂ ਪਰਵਾਸੀ ਮਜ਼ਦੂਰਾਂ ਦੇ ਹੱਕ ਵਿਚ ਦਿੱਤੇ ਫੈਸਲੇ ਨੂੰ ਲੈ ਕੇ ਮਜ਼ਦੂਰਾਂ ਅੱਜ ਇਥੇ ਤਸੱਲੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਕਿਹਾ ਕਿ ਇਸ ਫੈਸਲੇ ’ਤੇ ਹਰ ਇਕ ਸਰਕਾਰ ਨੂੰ ਅੱਜ ਤੋਂ ਹੀ ਅਮਲ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਪਰਵਾਸੀ ਕਾਮਿਆ ਵੱਲੋਂ ਇਸ ਫੈਸਲੇ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਢੋਲ ਦੀ ਥਾਪ ’ਤੇ ਭੰਗੜਾ ਵੀ ਪਾਇਆ ਗਿਆ। ਬਿਹਾਰ ਵਾਸੀ ਰਜੇਸ਼ ਨੇ ਕਿਹਾ ਕਿ ਉਹ ਇਥੇ ਸਨਅਤੀ ਕਾਮੇ ਵਜੋਂ ਕੰਮ ਕਰਦਾ ਹੈ। ਤਾਲਾਬੰਦੀ ਦੌਰਾਨ ਸਨਅਤਾਂ ਪੂਰੀ ਤਰ੍ਹਾਂ ਬੰਦ ਰਹੀਆਂ ਹਨ , ਜਿਸ ਕਰਕੇ ਉਸ ਸਮੇਤ ਕਈ ਹੋਰਨਾਂ ਦੀ ਆਰਥਿਕ ਹਾਲਤ ਮਾੜੀ ਹੋ ਗਈ ਹੈ। ਹੁਣ ਭਾਵੇ ਕੰਮ ਸ਼ੁਰੂ ਹੋ ਗਏ ਹਨ ਪਰ ਕਾਰਖਾਨੇ ਵਿਚ ਕੰਮ ਨਹੀਂ ਹੈ । ਉਸ ਦੇ ਕਈ ਸਾਥੀ ਘਰ ਪਰਤ ਗਏ ਹਨ ਅਤੇ ਉਹ ਵੀ ਘਰ ਵਾਪਸ ਜਾਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਸਰਕਾਰ ਇਸ ਨਵੇਂ ਆਦੇਸ਼ ਮੁਤਾਬਿਕ 15 ਦਿਨਾਂ ਵਿਚ ਵਾਪਸ ਭੇਜਣ ਦਾ ਪ੍ਰਬੰਧ ਕਰੇ ਅਤੇ ਇਸ ਦੌਰਾਨ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਜਾਵੇ ਇਸੇ ਤਰਾਂ ਹੋਰਨਾਂ ਨੇ ਵੀ ਇਸ ਫੈਸਲੇ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ। ਪਰਵਾਸੀ ਕਾਮਿਆਂ ਦੀ ਜਥੇਬੰਦੀ ਦੇ ਆਗੂ ਮਹੇਸ਼ ਵਰਮਾ ਨੇ ਕਿਹਾ ਕਿ ਸਰਵਉੱਚ ਅਦਾਲਤ ਨੇ ਪਰਵਾਸੀ ਕਾਮਿਆਂ ਦੀ ਹੋ ਰਹੀ ਦੁਰਦਸ਼ਾ ਨੂੰ ਦੇਖਦੇ ਹੋਏ ਸਰਕਾਰਾਂ ਨੂੰ ਇਹ ਚੰਗਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਦੋਵਾਂ ਸਰਕਾਰਾਂ ਨੂੰ ਹੀ ਪਰਵਾਸੀ ਮਜ਼ਦੂਰਾਂ ਦਾ ਖਿਆਲ ਰੱਖਣਾ ਪਵੇਗਾ। ਜ਼ਿਕਰਯੋਗ ਹੈ ਕਿ ਲਗਪਗ 30 ਹਜ਼ਾਰ ਤੋਂ ਵੱਧ ਪਰਵਾਸੀ ਕਾਮੇ ਸ਼੍ਰਮਿਕ ਰੇਲ ਗੱਡੀਆਂ ਰਾਹੀ ਆਪਣੇ ਪਿਤਰੀ ਰਾਜਾਂ ਅਤੇ ਘਰਾਂ ਨੂੰ ਪਰਤ ਚੁੱਕੇ ਹਨ।