ਐਨਪੀ ਧਵਨ
ਪਠਾਨਕੋਟ, 14 ਅਗਸਤ
ਜ਼ਿਲ੍ਹੇ ਵਿੱਚ ਮਾਈਨਿੰਗ ਦੇ ਦੋ ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ਵਿੱਚ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਚੱਕੀ ਪੁਲ ਤੋਂ ਰੇਤੇ ਨਾਲ ਭਰਿਆ ਟਿੱਪਰ ਜ਼ਬਤ ਕੀਤਾ ਹੈ। ਦੂਸਰੇ ਮਾਮਲੇ ਵਿੱਚ ਮਾਈਨਿੰਗ ਵਿਭਾਗ ਨੇ ਗੱਟਕਾ ਬੱਜਰੀ ਨਾਲ ਲੋਡ 5 ਟਰੱਕ ਟਰਾਲੇ ਜ਼ਬਤ ਕੀਤੇ ਹਨ। ਇਸ ਸਬੰਧੀ ਮਾਈਨਿੰਗ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ। ਪਹਿਲਾ ਮਾਮਲਾ ਥਾਣਾ ਡਿਵੀਜ਼ਨ ਨੰਬਰ 2 ਪਠਾਨਕੋਟ ਵਿੱਚ ਦਰਜ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ 2 ਦੇ ਏਐਸਆਈ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਈਨਿੰਗ ਵਿਭਾਗ ਵੱਲੋਂ ਟੈਲੀਫੋਨ ਆਇਆ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਚੱਕੀ ਪੁਲ ’ਤੇ ਗੱਡੀ ਫੜੀ ਹੈ। ਉਹ ਪੁਲੀਸ ਪਾਰਟੀ ਸਣੇ ਮੌਕੇ ’ਤੇ ਪੁੱਜੇ, ਜਿਥੇ ਮੋਹਿਤ ਸਿੰਘ ਉਪ-ਮੰਡਲ ਅਫਸਰ, ਕਠੂਆ ਉਪ-ਮੰਡਲ, ਮਲਿਕਪੁਰ ਸਮੇਤ ਪਾਰਟੀ ਹਾਜ਼ਰ ਮਿਲੇ। ਇਨ੍ਹਾਂ ਇੱਕ ਟਿੱਪਰ ਉਨ੍ਹਾਂ ਦੇ ਹਵਾਲੇ ਕੀਤਾ ਜਿਸ ਵਿੱਚ ਰੇਤਾ ਲੋਡ ਸੀ। ਇਸ ’ਤੇ ਪੁਲੀਸ ਨੇ ਟਿੱਪਰ ਦੇ ਡਰਾਈਵਰ ਸਰਬਜੀਤ ਸਿੰਘ ਵਾਸੀ ਵੱਡੀ ਭੰਗਾਲੀ ਜ਼ਿਲ੍ਹਾ ਅੰਮਿਤਸਰ ਦਿਹਾਤੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਖਿਲਾਫ 41 (1) ਏ, 21 (1) ਮਾਈਨਿੰਗ ਐਕਟ 1957 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿੱਚ ਮਾਈਨਿੰਗ ਇੰਸਪੈਕਟਰ ਵਿਸ਼ਾਲ ਅੱਤਰੀ ਨੇ ਮਾਈਨਿੰਗ ਮਿਨਰਲਜ਼ ਦੀ ਗੈਰ ਕਾਨੂੰਨੀ ਢੋਆ-ਢੋਆਈ ਰੋਕਣ ਲਈ ਅੰਮ੍ਰਿਤਸਰ ਜੀਟੀ ਰੋਡ ਟੌਲ ਪਲਾਜ਼ਾ ’ਚ ਪੁਲੀਸ ਪਾਰਟੀ ਸਮੇਤ ਨਾਕਾ ਲਗਾਇਆ ਹੋਇਆ ਸੀ। ਚੈਕਿੰਗ ਦੌਰਾਨ 4 ਟਰੱਕ ਟਰਾਲੇ ਅਤੇ ਬਿਨਾਂ ਨੰਬਰੀ ਟਰੱਕ ਟਰਾਲਾ ਜਿਸ ਦਾ ਡਰਾਈਵਰ ਆਪਣੇ ਗੱਟਕਾ ਬੱਜਰੀ ਨਾਲ ਲੋਡ ਟਰੱਕ ਟਰਾਲੇ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੇ ਮਾਈਨਿੰਗ ਮਟੀਰੀਅਲ ਗੈਰਕਾਨੂੰਨੀ ਪਾਏ ਗਏ। ਇਸ ਲਈ ਟਰੱਕਾਂ ਨੂੰ ਕਬਜ਼ੇ ਵਿੱਚ ਲੈ ਕੇ 5 ਡਰਾਈਵਰਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।