ਪੱਤਰ ਪ੍ਰੇਰਕ
ਜੈਂਤੀਪੁਰ, 11 ਅਪਰੈਲ
ਨੇੜਲੇ ਪਿੰਡ ਬੱਲਪੁਰੀਆਂ ਵਿੱਚ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਕਾਲੀ ਵਰਕਰਾਂ ਦੀ ਮੀਟਿੰਗ ਹਲਕੇ ਦੇ ਉੱਘੇ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਬਲਾਕ ਸਮਿਤੀ ਬਟਾਲਾ ਸਰਪੰਚ ਕੰਵਲਜੀਤ ਸਿੰਘ ਰੋਜ਼ੀ ਬੱਲ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਹਲਕਾ ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਲੋਧੀਨੰਗਲ ਨੇ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਅਤੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਲੋਕਾਂ ਦੀ ਇੱਛਾ ਦੇ ਅਨੁਸਾਰ ਇਸ ਹਲਕੇ ਤੋਂ ਹੀ ਚੋਣ ਲੜਣਗੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਪੰਜ ਸਾਲ ਹਲਕੇ ਦੇ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਇਥੇ ਜ਼ਿਕਰਯੋਗ ਹੈ ਕਿ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਉਨ੍ਹਾਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਸਾਬਕਾ ਚੇਅਰਮੈਨ ਵੀ ਇਸ ਹਲਕੇ ਤੋਂ ਆਪਣੀ ਦਾਅਵੇਦਾਰੀ ਜਿਤਾ ਰਹੇ ਹਨ। ਸ੍ਰੀ ਲੋਧੀਨੰਗਲ ਨੇ ਬਿਨਾਂ ਕਿਸੇ ਦਾ ਨਾਮ ਲੈਂਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਹਲਕੇ ਦੇ ਲੋਕਾਂ ਨੇ ਵਾਰ-ਵਾਰ ਨਕਾਰਿਆ ਹੋਵੇ, ਉਨ੍ਹਾਂ ਨੂੰ ਹਲਕੇ ਤੋਂ ਚੋਣ ਲੜਣਗੇ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਆਉਣੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਦੀ ਝੂਠੀ ਸੁਹੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ ਹੈ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਸੰਤੋਖ ਸਿੰਘ ਦਮੋਦਰ, ਸਾਬਕਾ ਸਰਪੰਚ ਜਰਨੈਲ ਸਿੰਘ ਲਾਡੀ, ਅਮਰੀਕ ਸਿੰਘ ਬਾਲੇਵਾਲ, ਕੁਲਵੰਤ ਸਿੰਘ ਛਿੱਤ, ਡਾ ਕੁਲਵੰਤ ਸਿੰਘ ਬੱਲ ਕਸ਼ਮੀਰ ਸਿੰਘ ਬੱਜੂਮਾਨ, ਸੁਖਦੇਵ ਸਿੰਘ ਛਿੱਤ, ਬਾਬਾ ਇਕਬਾਲ ਸਿੰਘ ਬੱਲ, ਚਿਤਰੰਜਨ ਸਿੰਘ ਬੱਲ, ਡਾ ਗੁਲਜ਼ਾਰ ਸਿੰਘ, ਕੁਲਵਿੰਦਰ ਸਿੰਘ, ਭਲਵਾਨ ਜੱਸਾ ਸਿੰਘ ਸਰੂਪਵਾਲੀ, ਭੋਲਾ ਸਿੰਘ ਨੇ ਵੀ ਸੰਬੋਧਨ ਕੀਤਾ।