ਐਨ.ਪੀ. ਧਵਨ
ਪਠਾਨਕੋਟ, 11 ਅਕਤੂਬਰ
ਅਖਿਲ ਭਾਰਤੀ ਸੁਰੱਖਿਆ ਸਮਿਤੀ ਵੱਲੋਂ ਸੁਜਾਨਪੁਰ ਦੇ ਪੁਲ ਨੰਬਰ 5 ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਲੱਕੀ ਸਰਮਾਲ ਅਤੇ ਜ਼ਿਲ੍ਹਾ ਦਿਹਾਤੀ ਪ੍ਰਮੁੱਖ ਸੰਨੀ ਕੁਮਾਰ ਦੀ ਅਗਵਾਈ ਵਿੱਚ ਸ਼ਮਸ਼ਾਨਘਾਟ ਬਾਹਰ ਭੁੱਖ ਹੜਤਾਲ ਕੀਤੀ ਗਈ। ਇਸ ਧਰਨੇ ਵਿੱਚ ਚੇਅਰਮੈਨ ਸੁਰਿੰਦਰ ਮਨਹਾਸ, ਪੁਨੀਤ ਸਿੰਘ, ਰਮਨ ਕੁਮਾਰ, ਵਿੱਕੀ ਠਾਕੁਰ, ਇਸ਼ਾਨ ਕਾਲੀਆ, ਅਸ਼ਵਨੀ ਸ਼ਰਮਾ ਸ਼ਾਮਲ ਹੋਏ। ਇਸ ਮੌਕੇ ਪ੍ਰਦੇਸ਼ ਚੇਅਰਮੈਨ ਸੁਰਿੰਦਰ ਮਨਹਾਸ ਨੇ ਕਿਹਾ ਕਿ ਪੁਲ ਨੰਬਰ 5 ਤੋਂ ਨਹਿਰ ਕਿਨਾਰੇ ਮਲਿਕਪੁਰ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਮੰਦੀ ਹੈ। ਉਨ੍ਹਾਂ ਦੱਸਿਆ ਕਿ ਸੁਜਾਨਪੁਰ ਦੇ ਸ਼ਮਸ਼ਾਨਘਾਟ ਨੂੰ ਜਾਣ ਲਈ ਦੋ ਰਸਤੇ ਹਨ ਅਤੇ ਦੋਨਾਂ ਰਸਤਿਆਂ ਦੀ ਹਾਲਤ ਬਹੁਤ ਮੰਦੀ ਹੈ। ਅਜਿਹੇ ਵਿੱਚ ਕਿਸੇ ਦੀ ਮੌਤ ਹੋ ਜਾਣ ਤੇ ਸਸਕਾਰ ਲਈ ਜਾਣਾ ਹੋਵੇ ਤਾਂ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਬਰਸਾਤ ਹੋਈ ਹੋਵੇ ਤਾਂ ਉਸ ਵੇਲੇ ਹਾਲਤ ਹੋਰ ਵੀ ਪ੍ਰੇਸ਼ਾਨੀ ਵਾਲੀ ਹੁੰਦੀ ਹੈ। ਅਖਿਲ ਭਾਰਤੀ ਸਰੱਖਿਆ ਸਮਿਤੀ ਪਿਛਲੇ ਲੰਮੇ ਸਮੇਂ ਤੋਂ ਸੁਜਾਨਪੁਰ ਦੀਆਂ ਖਸਤਾ ਹਾਲ ਸੜਕਾਂ ਨੂੰ ਠੀਕ ਕਰਨ ਦੀ ਮੰਗ ਕਰ ਰਹੀ ਹੈ ਪਰ ਨਗਰ ਕੌਂਸਲ ਪ੍ਰਸ਼ਾਸਨ ਵਲੋਂ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਦੋਵੇਂ ਸੜਕਾਂ ਦੀ ਜਲਦੀ ਮੁਰੰਮਤ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।