ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 27 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਚੱਲ ਰਿਹਾ ਰੇਲ ਰੋਕ ਅੰਦੋਲਨ 65ਵੇਂ ਦਿਨ ਵੀ ਜਾਰੀ ਰਿਹਾ। ਦਿੱਲੀ ਘੇਰਨ ਲਈ ਕਿਸਾਨ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਦਿੱਲੀ ਨੂੰ ਰਵਾਨਾ ਹੋਏ ਪਰ ਜੰਡਿਆਲਾ ਗੁਰੂ ਰੇਲ ਰੋੋਕ ਅੰਦੋਲਨ ਫਿਰ ਵੀ 65ਵੇਂ ਦਿਨ ਨਿਰੰਤਰ ਕਿਸਾਨ ਰੇਲਵੇ ਸਟੇਸ਼ਨ ਬਾਹਰ ਡਟੇ ਹੋਏ ਹਨ। ਮਾਝੇ ’ਚੋਂ ਕਿਸਾਨ ਸੈਂਕੜੇ ਟਰਾਲੀਆਂ ਦੇ ਜੱਥੇ ਲੈਕੇ ਦਿੱਲੀ ਵੱਲ ਅੰਮਿ੍ਤਸਰ ਦੇ ਗੋਲਡਨ ਗੇਟ ਤੋਂ ਕੂਚ ਕੀਤੇ। ਇਸ ਮੌਕੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਜੱਥੇ ਵੱਲੋਂ ਕਿਸਾਨਾਂ ਨੂੰ ਸਿਰੋਪਾਉ ਬਖਸ਼ਿਸ਼ ਕਰਕੇ ਦਿੱਲੀ ਲਈ ਤੋਰਿਆ ਗਿਆ। ਦਿੱਲੀ ਘੇਰਨ ਜਾਣ ਵਾਲੇ ਕਿਸਾਨਾਂ ਨੂੰ ਰਸਤੇ ਵਿੱਚ ਲੋਕਾਂ ਵੱਲੋਂ ਫਲ, ਰਸਦ ਅਤੇ ਹੋਰ ਬਹੁਤ ਭੇਟਾ ਦੇ ਕੇ ਸਨਮਾਨਿਆ ਗਿਆ। ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਬੁਤਲਾ ਦੀ ਅਗਵਾਈ ਵਿੱਚ ਅੰਮਿ੍ਤਸਰ ਦੇ ਗੋਲਡਨ ਗੇਟ ਤੋਂ ਹਜ਼ਾਰਾਂ ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ। ਅੱਜ ਦੇ ਜਥੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ, ਲਖਵਿੰਦਰ ਸਿੰਘ ਦਰਿਆਮ ਨੰਗਲ, ਝਿਰਮਲ ਸਿੰਘ ਬੱਜੂਮਾਨ ਦੀ ਅਗਵਾਈ ਵੀ ਦਿੱਲੀ ਵੱਲ ਨੂੰ ਕੂਚ ਕੀਤੇ ਗਏ।