ਪੱਤਰ ਪ੍ਰੇਰਕ
ਪਠਾਨਕੋਟ, 1 ਮਈ
ਡਿਸਟ੍ਰਿਕਟ ਪਠਾਨਕੋਟ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਨਿਤਿਨ ਮਹਾਜਨ ਲਾਡੀ ਦੀ ਅਗਵਾਈ ਵਿੱਚ ਇੱਥੇ ਇੱਕ ਸਮਾਗਮ ਕਰ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਗਈਆਂ ਤੇ ਮੰਗ ਪੱਤਰ ਦਿੱਤਾ ਗਿਆ। ਇਸ ਸਮਾਗਮ ਵਿੱਚ ਵਪਾਰ ਮੰਡਲ ਦੇ ਪ੍ਰਦੇਸ਼ ਆਗੂ ਐਲਆਰ ਸੋਢੀ, ਐਸੋਸੀਏਸ਼ਨ ਦੇ ਦਵਿੰਦਰ ਸਿੰਘ, ਰਾਕੇਸ਼ ਓਲ, ਨੀਰਜ ਮਹਾਜਨ, ਜੀਬੀ ਸਿੰਘ ਆਦਿ ਆਗੂ ਸ਼ਾਮਲ ਹੋਏ। ਇਨ੍ਹਾਂ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ, ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ ਅਤੇ ਜੰਗਲੀ ਜੀਵ ਵਿਭਾਗ ਦੇ ਡੀਐਫਓ ਰਾਜੇਸ਼ ਮਹਾਜਨ ਵੀ ਸ਼ਾਮਲ ਹੋਏ।
ਇਸ ਮੌਕੇ ਪ੍ਰਧਾਨ ਨਿਤਿਨ ਮਹਾਜਨ ਲਾਡੀ ਨੇ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ ਪਠਾਨਕੋਟ ਹੋਟਲ ਸਨਅਤ ਕਾਫ਼ੀ ਪ੍ਰਭਾਵਿਤ ਹੋਈ ਪਰ ਹੁਣ ਇਹ ਸਨਅਤ ਉਸ ਸਦਮੇਂ ਵਿੱਚੋਂ ਨਿਕਲ ਰਹੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਆਲੇ-ਦੁਆਲੇ ਦਾ ਵਾਤਾਵਰਨ ਇੰਨਾ ਕੁਦਰਤੀ ਤੇ ਮਨਮੋਹਕ ਹੈ ਕਿ ਇੱਥੇ ਕਈ ਸਥਾਨਾਂ ਨੂੰ ਸੈਰ-ਸਪਾਟੇ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਇਸ ਕਰ ਕੇ ਪਠਾਨਕੋਟ ਵਿਚ ਟੂਰਿਸਟ ਹੱਬ ਬਣਾਈ ਜਾਵੇ। ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਜਾਣਕਾਰੀ ਦੇਣ ਲਈ ਟੂਰਿਜ਼ਮ ਦਾ ਦਫ਼ਤਰ ਖੋਲ੍ਹਿਆ ਜਾਵੇ। ਇਸ ਦੇ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੰਗਲੀ ਜੀਵਾਂ ਦੀ ਕਥਲੌਰ ਵਾਲੀ ਰੱਖ ਅਤੇ ਹੋਰ ਧਾਰਮਿਕ ਤੇ ਇਤਿਹਾਸਕ ਸਥਾਨਾਂ ਨੂੰ ਮੁਫ਼ਤ ਦੇਖਣ ਲਈ ਦੋ ਬੱਸਾਂ ਲਗਾਈਆਂ ਜਾਣ।