ਪੱਤਰ ਪ੍ਰੇਰਕ
ਤਰਨ ਤਾਰਨ, 18 ਅਪਰੈਲ
ਬੀਤੀ ਦੇਰ ਸ਼ਾਮ ਕਸਬਾ ਝਬਾਲ ਵਿੱਚ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਨਾਲ ਕਸਬੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ| ਕੇਸ ਦੇ ਤਫਤੀਸ਼ੀ ਅਧਿਕਾਰੀ ਏਐੱਸਆਈ ਕਰਮ ਸਿੰਘ ਨੇ ਦੱਸਿਆ ਕਿ ਪਛਾਣ ਕੀਤੇ ਗਏ ਚਾਰ ਮੁਲਜ਼ਮਾਂ ਵਿੱਚ ਲਵਪ੍ਰੀਤ ਸਿੰਘ, ਉਸ ਦਾ ਭਰਾ ਮਨਪ੍ਰੀਤ ਸਿੰਘ, ਜਸਕਰਨ ਸਿੰਘ ਵਾਸੀ ਪੰਜਵੜ੍ਹ ਕਲਾਂ ਅਤੇ ਗੋਲਾ ਸੰਧੂ ਸ਼ਾਮਲ ਹਨ| ਕੁਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਤੇ ਹੋਰਨਾਂ ਦਾ ਝਬਾਲ ਵਾਸੀ ਹਰਵਿੰਦਰ ਸਿੰਘ ਨਾਲ ਕਿਸੇ ਕਾਰਨ ਤਕਰਾਰ ਹੋਇਆ ਸੀ| ਲਵਪ੍ਰੀਤ ਸਿੰਘ ਤੇ ਉਸ ਦੇ ਕਈ ਹੋਰਨਾਂ ਸਾਥੀਆਂ ਵੱਲੋਂ ਹਰਵਿੰਦਰ ਸਿੰਘ ਕੋਲੋਂ ਉਸ ਦਾ ਟਰੈਕਟਰ ਖੋਹ ਲਿਆ| ਇਸ ਦੌਰਾਨ ਹਰਵਿੰਦਰ ਸਿੰਘ ਤੇ ਉਸ ਦੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਉਨ੍ਹਾਂ ਦਾ ਪਿੱਛਾ ਕੀਤਾ| ਹਮਲਾਵਰਾਂ ਨੇ ਇਸ ਦੌਰਾਨ ਗੋਲੀਆਂ ਚਲਾ ਦਿੱਤੀਆਂ| ਹਰਵਿੰਦਰ ਸਿੰਘ ਤੇ ਬਲਬੀਰ ਸਿੰਘ ਨੇ ਆਪਣਾ ਬਚਾਅ ਕਰ ਲਿਆ ਪਰ ਗੋਲੀਆਂ ਚਲਾਉਣ ਨਾਲ ਟਰੈਕਟਰ ਦੇ ਚਾਰੇ ਟਾਇਰ ਪੈਂਚਰ ਹੋ ਗਏ| ਵਾਰਦਾਤ ਥਾਣਾ ਝਬਾਲ ਤੋਂ ਕੇਵਲ 100 ਮੀਟਰ ਦੀ ਦੂਰੀ ’ਤੇ ਹੋਈ ਅਤੇ ਪੁਲੀਸ ਦੇ ਆਉਣ ਤੋਂ ਪਹਿਲਾਂ ਹਮਲਾਵਰ ਫ਼ਰਾਰ ਹੋ ਗਏ| ਹਮਲਾਵਰਾਂ ਨੇ ਕੋਈ 30 ਦੇ ਕਰੀਬ ਫ਼ਾਇਰ ਕੀਤੇ| ਪੁਲੀਸ ਅਧਿਕਾਰੀ ਕਰਮ ਸਿੰਘ ਨੇ ਦੱਸਿਆ ਕਿ 15 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਹੁਣ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ| ਹਮਲਾਵਰਾਂ ਦੇ ਗੈਂਗਸਟਰਾਂ ਨਾਲ ਵੀ ਸਬੰਧ ਦੱਸੇ ਜਾ ਹਨ| ਵਾਰਦਾਤ ਉਪਰੰਤ ਸੂਬੇ ਦੇ ਨਾਮੀ ਗੈਂਗਸਟਰਾਂ ਵੱਲੋਂ ਬਲਬੀਰ ਸਿੰਘ ਨੂੰ ਮੋਬਾਈਲ ਕਰਕੇ ਪੁਲੀਸ ਕੋਲ ਸ਼ਿਕਾਇਤ ਕਰਨ ਖ਼ਿਲਾਫ਼ ਸਿੱਟੇ ਭੁਗਤਨ ਦੀ ਚੇਤਾਵਨੀ ਦਿੱਤੀ ਗਈ ਹੈ|