ਪੱਤਰ ਪ੍ਰੇਰਕ
ਦੀਨਾਨਗਰ, 12 ਮਈ
ਬੰਗਲੌਰ ਵਿੱਚ ਹੋਈਆਂ ਨੈਸ਼ਨਲ ਪੱਧਰ ਦੀਆਂ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼’ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਪਰਤੇ ਐੱਸਐੱਸਐੱਮ ਕਾਲਜ ਦੀਨਾਨਗਰ ਦੇ ਖਿਡਾਰੀਆਂ ਦਾ ਅੱਜ ਕਾਲਜ ਵਿੱਚ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਜੂਡੋ ਐਸੋਸੀਏਸ਼ਨ ਦੇ ਸਕੱਤਰ ਅਮਰਜੀਤ ਸ਼ਾਸਤਰੀ ਸ਼ਾਮਲ ਹੋਏ। ਉਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਨੈਸ਼ਨਲ ਪੱਧਰ ’ਤੇ ਮੱਲਾਂ ਮਾਰ ਕੇ ਇਨ੍ਹਾਂ ਖਿਡਾਰੀਆਂ ਨੇ ਸਿਰਫ਼ ਕਾਲਜ ਦਾ ਹੀ ਨਹੀਂ ਬਲਕਿ ਪੂਰੇ ਦੀਨਾਨਗਰ ਹਲਕੇ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰੋਗਰਾਮ ਦੀ ਅਗਵਾਈ ਕਰ ਰਹੇ ਪ੍ਰਿੰਸੀਪਲ ਡਾ. ਆਰਕੇ ਤੁਲੀ ਨੇ ਕਿਹਾ ਕਿ ਜੇਤੂ ਖਿਡਾਰੀ ਸਾਡੇ ਕਾਲਜ ਦਾ ਮਾਣ ਹਨ। ਕਾਲਜ ਦੇ ਖੇਡ ਵਿਭਾਗ ਮੁਖੀ ਡਾ. ਮੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਖਿਡਾਰੀ ਗੁਰਪ੍ਰੀਤ ਸਿੰਘ ਨੇ ਜੂਡੋ ਵਿੱਚ ਜਦਕਿ ਪ੍ਰਭਾਕਰ ਸਿੰਘ ਅਤੇ ਗੌਰਵ ਭੱਟੀ ਨੇ ਵਾਲੀਬਾਲ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਸਾਰਿਆਂ ਦਾ ਦਿਲ ਜਿੱਤਿਆ। ਇਸ ਮੌਕੇ ਪ੍ਰੋਫੈਸਰ ਰਾਜਿੰਦਰ ਕੁਮਾਰ, ਡਾ. ਵਿਸ਼ਾਲ ਮਹਾਜਨ, ਪ੍ਰੋਫੈਸਰ ਸੁਬੀਰ ਰਗਬੋਤਰਾ, ਪ੍ਰੋਫੈਸਰ ਸਤਨਾਮ ਸਿੰਘ ਅਤੇ ਪ੍ਰੋਫੈਸਰ ਪ੍ਰਬੋਧ ਗਰੋਵਰ ਮੌਜੂਦ ਸਨ।