ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 3 ਸਤੰਬਰ
ਟੋਕੀਓ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਕਾਂਸੀ ਦਾ ਮੈਡਲ ਦਿਵਾਉਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚ ਕੇ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਵੱਲੋਂ 25-25 ਲੱਖ ਦੇ ਚੈਕ ਭੇਟ ਕੀਤੇ ਗਏ। ਇਸੇ ਲੜੀ ਤਹਿਤ ਹਾਕੀ ਖਿਡਾਰੀ ਗੁਰਜੰਟ ਸਿੰਘ ਨੂੰ ਉਸ ਦੇ ਪਿੰਡ ਖਲਹਿਰਾ ਵਿਖੇ ਜਾ ਕੇ ਭਾਰਤੀ ਜੀਵਨ ਬੀਮਾ ਦੇ ਅਧਿਕਾਰੀਆਂ ਨੇ 25 ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਕੰਪਨੀ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਸ਼ੋਭਾ ਰਾਮ ਮੀਨਾ ਨੇ ਕਿਹਾ ਐਲਆਈਸੀ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਉਲੰਪਿਕ ਵਿੱਚ ਭਾਗ ਲੈਣ ਵਾਲੇ ਪੁਰਸ਼ ਹਾਕੀ ਟੀਮ ਦੇ ਚਾਰ ਖਿਡਾਰੀਆਂ ਤੋਂ ਇਲਾਵਾ ਅਜਨਾਲਾ ਦੀ ਖਿਡਾਰਨ ਗੁਰਜੀਤ ਕੌਰ ਨੂੰ ਵੀ 10 ਲੱਖ ਦਾ ਚੈਕ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਲੰਪਿਕ ਵਿੱਚ ਭਾਰਤ ਨੂੰ ਮੈਡਲ ਜਿੱਤਾ ਕੇ ਹਾਕੀ ਖਿਡਾਰੀ ਗੁਰਜੰਟ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵੱਡੇ ਖਿਡਾਰੀ ਸਿਰਫ ਵੱਡੇ ਸ਼ਹਿਰਾਂ ਵਿੱਚ ਹੀ ਪੈਦਾ ਨਹੀਂ ਹੁੰਦੇ ਸਗੋਂ ਇਹ ਛੋਟੇ-ਛੋਟੇ ਪਿੰਡਾਂ ਵਿੱਚ ਵੀ ਹੋ ਸਕਦੇ ਹਨ। ਇਸ ਮੌਕੇ ਐਲਆਈਸੀ ਦੇ ਮਾਰਕੀਟਿੰਗ ਮੈਨੇਜਰ ਨਿਧੀ ਗੁਪਤਾ, ਸੇਲਜ਼ ਮੈਨੇਜਰ ਲਵ ਕੁਮਾਰ, ਪ੍ਰੋਡੈਕਟ ਮੈਨੇਜਰ ਰਿਤੇਸ਼ ਕੁੰਦਰਾਲ ਹਾਜ਼ਰ ਸਨ।