ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸਾਕਸ਼ੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਥਾਨਕ ਬੱਜਰੀ ਕੰਪਨੀ ਵਿਖੇ ਰੇਲਵੇ ਕਲੋਨੀ, ਮੁਹੱਲਾ ਕਾਜੀਪੁਰ, ਹਾਊਸਿੰਗ ਬੋਰਡ ਕਲੋਨੀ, ਸ਼ਾਸਤਰੀ ਨਗਰ ਵਿਖੇ ਡੇਂਗੂ ਦੇ ਬਚਾਓ ਵਾਸਤੇ ਸਰਵੇ ਕੀਤਾ ਗਿਆ। ਇਸ ਦੌਰਾਨ ਟੀਮ ਨੇ ਇਨ੍ਹਾਂ ਮੁਹੱਲਿਆਂ ਵਿੱਚ 200 ਦੇ ਕਰੀਬ ਘਰਾਂ ਵਿੱਚ ਗਮਲੇ, ਫਰਿੱਜਾਂ ਦੀਆਂ ਬੈਕ ਸਾਈਡ ਦੀਆਂ ਟਰੇਆਂ, ਡਰੰਮ, ਟੁੱਟੇ-ਭੱਜੇ ਸਾਮਾਨ, ਪਾਣੀ ਵਾਲੀਆਂ ਟੈਂਕੀਆਂ, ਕੂਲਰ ਅਤੇ ਪੰਛੀਆਂ ਦੇ ਪਾਣੀ ਵਾਲੇ ਬਰਤਨ ਆਦਿ ਚੈਕ ਕੀਤੇ। ਟੀਮ ਨੂੰ ਰੇਲਵੇ ਕਲੋਨੀ ਅੰਦਰ ਇਕ ਟੁੱਟੀ ਹੋਈ ਟੈਂਕੀ ਅਤੇ ਆਂਗਣਵਾੜੀ ਸੈਂਟਰ ਦੇ ਗਮਲੇ ਸਮੇਤ ਕਾਫੀ ਘਰਾਂ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ ’ਤੇ ਹੀ ਟੀਮ ਨੇ ਨਸ਼ਟ ਕਰ ਦਿੱਤਾ। ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਹੈਲਥ ਇੰਸਪੈਕਟਰ ਰਾਜਿੰਦਰ ਕੁਮਾਰ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅੱਗੇ ਤੋਂ ਲਾਰਵਾ ਮਿਲਿਆ ਤਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਚਲਾਨ ਕੱਟੇ ਜਾਣਗੇ। ਸਪਰੇਅ ਟੀਮ ਵੱਲੋਂ ਘਰਾਂ ਦੇ ਅੰਦਰ ਬਾਹਰ ਸਪਰੇਅ ਵੀ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਦੇ ਬਚਾਅ ਵਾਸਤੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਡੇਂਗੂ ਦੇ ਬਚਾਅ ਵਾਸਤੇ ਹਰੇਕ ਘਰ ਦੇ ਵਾਸੀ ਦਾ ਜਾਗਰੂਕ ਹੋਣਾ ਜ਼ਰੂਰੀ ਹੈ।