ਦਿਲਬਾਗ ਸਿੰਘ ਗਿੱਲ
ਅਟਾਰੀ, 11 ਅਗਸਤ
ਟੋਕੀਓ ਉਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਵੱਲੋਂ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਹਾਕੀ ਖਿਡਾਰੀ ਸ਼ਮਸ਼ੇਰ ਸਿੰਘ ਦਾ ਅੱਜ ਜੱਦੀ ਪਿੰਡ ਅਟਾਰੀ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਅਟਾਰੀ ਬੱਸ ਸਟੈਂਡ ਤੋਂ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਵੱਡੇ ਕਾਫ਼ਿਲੇ ਨਾਲ ਸ਼ਮਸ਼ੇਰ ਸਿੰਘ ਦਾ ਅਟਾਰੀ ਸਕੂਲ ਦੇ ਖੇਡ ਮੈਦਾਨ ਵਿੱਚ ਪੁੱਜਣ ’ਤੇ ਖਿਡਾਰੀਆਂ ਨੇ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸ਼ਮਸ਼ੇਰ ਦੇ ਆਉਣ ਦੀ ਖੁਸ਼ੀ ਵਿੱਚ ਥਾਂ-ਥਾਂ ’ਤੇ ਹੋਰਡਿੰਗ ਲਗਾਏ ਹੋਏ ਸਨ।
ਇਸ ਮੌਕੇ ਕਰਨਦੀਪ ਸਿੰਘ ਕੈਮੀ ਢਿੱਲੋਂ ਨੇ ਸ਼ਮਸ਼ੇਰ ਸਿੰਘ ਨੂੰ 51 ਹਜ਼ਾਰ ਰੁਪਏ ਭੇਟ ਕਰਕੇ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਮੌਕੇ ਹਲਕਾ ਵਿਧਾਇਕ ਤਰਸੇਮ ਸਿੰਘ ਡੀਸੀ ਅਤੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਹਾਕੀ ਕੋਚ ਨਵਜੀਤ ਸਿੰਘ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਨੇ ਉਲੰਪਿਕ ਵਿੱਚ ਜੋ ਹੁਨਰ ਦਿਖਾਇਆ ਹੈ, ਉਸ ਨਾਲ ਫਖ਼ਰ ਮਹਿਸੂਸ ਹੁੰਦਾ ਹੈ। ਇਸ ਮੌਕੇ ਸੁਖਦੇਵ ਸਿੰਘ ਰੰਧਾਵਾ, ਪ੍ਰਿੰਸੀਪਲ ਰਿੰਪੀ ਅਰੋੜਾ, ਦਿਲਸ਼ੇਰ ਸਿੰਘ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਬਲਜਿੰਦਰ ਸਿੰਘ ਮੀਰਾਂਕੋਟ, ਕਰਨਦੀਪ ਸਿੰਘ ਕੈਮੀ ਢਿੱਲੋਂ, ਸ਼ਮਸ਼ੇਰ ਸਿੰਘ ਦਾ ਪਿਤਾ ਹਰਦੇਵ ਸਿੰਘ, ਪ੍ਰਿਤਪਾਲ ਸਿੰਘ ਸਿੱਧੂ, ਮਾਸਟਰ ਦਲਜੀਤ ਸਿੰਘ, ਗੁਰਪ੍ਰੀਤ ਸਿੰਘ ਸੋਨੀ, ਹਰਭਜਨ ਸਿੰਘ, ਜੋਧਬੀਰ ਸਿੰਘ, ਹਰਜਿੰਦਰਪਾਲ ਸਿੰਘ, ਰਾਜਾ ਅਟਾਰੀ, ਗੁਰਬੀਰ ਸਿੰਘ, ਗੁਰਸਾਹਿਬ ਸਿੰਘ, ਗਗਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਵਰਿੰਦਰ ਸਿੰਘ, ਅਮਰਪਾਲ ਸਿੰਘ ਸਮੇਤ ਪਿੰਡ ਦੇ ਪਤਵੰਤੇ ਅਤੇ ਹਾਕੀ ਖਿਡਾਰੀ ਮੌਜੂਦ ਸਨ।