ਐਨ ਪੀ ਧਵਨ
ਪਠਾਨਕੋਟ, 16 ਜੁਲਾਈ
ਪਠਾਨਕੋਟ ਜ਼ਿਲ੍ਹੇ ਅੰਦਰ ਨਸ਼ੇ ਨੂੰ ਖਤਮ ਕਰਨ ਲਈ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪੁਲੀਸ ਅਧਿਕਾਰੀਆਂ ਨਾਲ ਸਾਂਝਾ ਆਪਰੇਸ਼ਨ ਚਲਾਉਣ ਲਈ ਕਾਂਗੜਾ ਜ਼ਿਲ੍ਹੇ ਅਤੇ ਪਠਾਨਕੋਟ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਦੀ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਨਸ਼ੇ ਉਪਰ ਨਕੇਲ ਪਾਉਣ ਲਈ ਦੋਹਾਂ ਸੂਬਿਆਂ ਦੇ ਪੁਲੀਸ ਅਧਿਕਾਰੀਆਂ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਜੋ ਨਸ਼ੇੜੀਆਂ ਅਤੇ ਨਸ਼ੇ ਦੀ ਹੋ ਰਹੀ ਤਸਕਰੀ ਨੂੰ ਲੈ ਕੇ ਜਾਣਕਾਰੀਆਂ ਇੱਕ-ਦੂਸਰੇ ਨਾਲ ਸਾਂਝੀਆਂ ਕਰੇਗੀ। ਇਹ ਪ੍ਰਗਟਾਵਾ ਐਸਐਸਪੀ ਅਰੁਣ ਸੈਣੀ ਨੇ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਅੰਦਰ ਨਸ਼ੇ ਨੂੰ ਹਰ ਹਾਲਤ ਵਿੱਚ ਖਤਮ ਕੀਤਾ ਜਾਵੇ। ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਨਿੱਜੀ ਮੀਟਿੰਗ ਕਰਕੇ ਵੀ ਹਦਾਇਤ ਕੀਤੀ ਹੈ। ਪਠਾਨਕੋਟ ਨਾਲ ਲੱਗਦੇ ਹਿਮਾਚਲ ਦੇ ਭਦਰੋਆ ਅਤੇ ਛੰਨੀ ਪਿੰਡ ਨਸ਼ਿਆਂ ਲਈ ਚਰਚਿਤ ਹਨ ਅਤੇ ਨੌਜਵਾਨ ਮੋਟਰਸਾਈਕਲਾਂ ਉਪਰ ਇਨ੍ਹਾਂ ਪਿੰਡਾਂ ਵਿੱਚ ਜਾ ਕੇ ਨਸ਼ੇ ਦੀ ਡੋਜ਼ ਲੈ ਕੇ ਵਾਪਸ ਪਰਤਦੇ ਹਨ। ਹੁਣ ਪਠਾਨਕੋਟ ਦੀ ਪੁਲੀਸ ਅਤੇ ਹਿਮਾਚਲ ਦੇ ਡਮਟਾਲ ਅਤੇ ਢਾਂਗੂ ਪੀਰ ਚੌਂਕੀ ਦੀ ਪੁਲੀਸ ਰਲ ਕੇ ਇਨ੍ਹਾਂ ਨਸ਼ੇੜੀਆਂ ਨੂੰ ਕਾਬੂ ਕਰਿਆ ਕਰੇਗੀ। ਹਿਮਾਚਲ ਪ੍ਰਦੇਸ਼ ਦੇ ਡਮਟਾਲ ਥਾਣੇ ਦੇ ਵਧੀਕ ਥਾਣਾ ਮੁਖੀ ਰਮੇਸ਼ ਚੰਦ ਬੈਂਸ ਨੇ ਕਿਹਾ ਕਿ ਡਮਟਾਲ ਅਤੇ ਭਦਰੋਆ ਖੇਤਰ ਅੰਦਰ ਮੈਡੀਕਲ ਸਟੋਰਾਂ ਉਪਰ ਇਕੱਲੀ ਸਰਿੰਜ ਵੇਚਣ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਖੇਤਰ ਅੰਦਰ ਨਸ਼ਾ ਫਿਲੌਰ ਕੋਲ ਪੈਂਦੇ ਗੰਨਾ ਪਿੰਡ, ਦੀਨਾਨਗਰ ਕੋਲ ਡੀਡਾ ਸਾਂਸੀਆਂ ਅਤੇ ਜੰਮੂ ਦੇ ਕਠੂਆ ਜ਼ਿਲ੍ਹੇ ਵਿੱਚੋਂ ਆਉਂਦਾ ਹੈ।