ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 11 ਜੁਲਾਈ
ਇੱਥੇ ਜੀਟੀ ਰੋਡ ’ਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਲੱਖਾਂ ਰੁਪਏ ਖਰਚ ਕੇ ਨਗਰ ਕੌਂਸਲ ਜੰਡਿਆਲਾ ਗੁਰੂ ਵੱਲੋਂ ਲਗਾਏ ਗਏ ਖਜੂਰ ਦੇ ਬੂਟੇ, ਇੰਟਰਲਾਕ ਟਾਈਲਾਂ ਅਤੇ ਮਹਿੰਗੀਆਂ ਵਿਕਟੋਰੀਆ ਸਟਰੀਟ ਲਾਈਟਾਂ ਨੂੰ ਨੈਸ਼ਨਲ ਐਕਸਪ੍ਰੈੱਸ ਹਾਈਵੇਅ ਅਥਾਰਿਟੀ ਨੇ ਪੁੱਟ ਦਿੱਤਾ ਹੈ।
ਸ਼ਹਿਰ ਵਾਸੀ ਰਮਨ ਕੁਮਾਰ, ਹਰਜੀਤ ਸਿੰਘ, ਦਵਿੰਦਰ ਸਿੰਘ, ਬੂਟਾ ਸਿੰਘ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਕਈ ਸਾਲ ਪਹਿਲਾਂ ਹੀ ਜੀਟੀ ਰੋਡ ਦੇ ਨਿਰਮਾਣ ਦੌਰਾਨ ਚਿਤਾਵਨੀ ਦਿੱਤੀ ਸੀ ਕਿ ਸੜਕ ਦੇ ਦੋਵੇਂ ਪਾਸੇ 100 ਮੀਟਰ ਤੱਕ ਕੋਈ ਨਿਰਮਾਣ ਨਾ ਕਰੇ ਪਰ ਚੋਣਾਂ ਤੋਂ ਪਹਿਲਾਂ ਨਗਰ ਕੌਂਸਲ ਵੱਲੋਂ 2020 ਵਿੱਚ ਲੱਖਾਂ ਰੁਪਏ ਖਰਚ ਕਰਕੇ ਸੁੰਦਰੀਕਰਨ ਦੇ ਨਾਮ ’ਤੇ ਇਹ ਖਜੂਰ ਦੇ ਬੂਟੇ, ਟਾਈਲਾਂ ਅਤੇ ਸਟਰੀਟ ਲਾਈਟਾਂ ’ਤੇ ਲੱਖਾਂ ਰੁਪਇਆ ਖਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਹਾਈਵੇਅ ਅਥਾਰਟੀ ਦੀ ਚਿਤਾਵਨੀ ਬਾਰੇ ਨਗਰ ਕੌਂਸਲ ਨੂੰ ਪਤਾ ਸੀ ਤਾਂ ਫਿਰ ਲੋਕਾਂ ਦਾ ਇਹ ਪੈਸਾ ਕਿਉਂ ਬਰਬਾਦ ਕੀਤਾ ਗਿਆ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਵੱਲੋਂ ਕਰਵਾਏ ਗਏ ਕੰਮਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।