ਕੇ.ਪੀ ਸਿੰਘ
ਗੁਰਦਾਸਪੁਰ, 4 ਅਪਰੈਲ
ਬਰਿਆਰ ਬਾਈਪਾਸ ਨੇੜੇ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਤੇਜ਼ ਰਫ਼ਤਾਰ ਆਟੋ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਕਾਰਨ ਚਾਰ ਔਰਤਾਂ ਸਣੇ ਨੌਂ ਸ਼ਰਧਾਲੂ ਜ਼ਖ਼ਮੀ ਹੋ ਗਏ। ਇਹ ਸ਼ਰਧਾਲੂ ਪਿੰਡ ਖੋਜੇਪੁਰ ਤੋਂ ਆਟੋ ਵਿੱਚ ਸਵਾਰ ਹੋ ਕੇ ਧਾਰੀਵਾਲ ਦੀ ਚਰਚ ਵਿੱਚ ਈਸਟਰ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲੀਸ ਚੌਕੀ ਬਰਿਆਰ ਦੇ ਇੰਚਾਰਜ ਹਰਪਾਲ ਸਿੰਘ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਕਰਵਾਇਆ। ਡਾਕਟਰਾਂ ਅਨੁਸਾਰ ਜ਼ਖ਼ਮੀਆਂ ਵਿੱਚੋਂ ਇਕ ਔਰਤ ਦੀ ਹਾਲਤ ਨਾਜ਼ੁਕ ਹੈ।
ਸਿਵਲ ਹਸਪਤਾਲ ਵਿੱਚ ਦਾਖਲ ਕੋਮਲ ਮਸੀਹ ਵਾਸੀ ਪਿੰਡ ਖੋਜੇਪੁਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਧਾਰੀਵਾਲ ਦੀ ਚਰਚ ਵਿੱਚ ਨਤਮਸਤਕ ਹੋਣ ਜਾ ਰਹੇ ਸਨ। ਆਟੋ ਉਸ ਦਾ ਬੇਟਾ ਥਾਮਸ ਮਸੀਹ ਚਲਾ ਰਿਹਾ ਸੀ। ਜਦੋਂ ਉਹ ਬਰਿਆਰ ਬਾਈਪਾਸ ਚੌਕ ’ਤੇ ਪਹੁੰਚੇ ਤਾਂ ਮੋਟਰਸਾਈਕਲ ’ਤੇ ਸਵਾਰ ਨੂੰ ਬਚਾਉਂਦੇ ਹੋਏ ਆਟੋ ਬੇਕਾਬੂ ਹੋ ਕੇ ਪਲਟ ਗਿਆ ਤੇ 9 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਪੂਜਾ, ਕਾਜਲ, ਥਾਮਸ, ਰਾਣੀ, ਮੰਗੀ, ਮਨਦੀਪ, ਬਬਲੀ, ਤਰਸੇਮ ਮਸੀਹ ਅਤੇ ਕੋਮਲ ਮਸੀਹ (ਸਾਰੇ ਵਾਸੀ ਖੋਜੇਪੁਰ) ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਬਲੀ ਪਤਨੀ ਕੋਮਲ ਮਸੀਹ ਦੀ ਹਾਲਤ ਨਾਜ਼ੁਕ ਹੈ।
ਪੁਲੀਸ ਨੇ ਮੋਟਰਸਾਈਕਲ ਸਵਾਰ ਨੂੰ ਹਿਰਾਸਤ ’ਚ ਲਿਆ
ਬਰਿਆਰ ਪੁਲੀਸ ਚੌਕੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਿਆ ਗਿਆ ਅਤੇ ਮੋਟਰਸਾਈਕਲ ਚਾਲਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਆਟੋ ਚਾਲਕ ਤੇਜ਼ ਰਫ਼ਤਾਰ ਵਿੱਚ ਸੀ ਅਤੇ ਜੇ ਗਤੀ ਘੱਟ ਹੁੰਦੀ, ਤਾਂ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ।