ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 16 ਜੁਲਾਈ
ਤੇਜ਼ ਹਵਾਵਾਂ ਤੋਂ ਬਾਅਦ ਪਏ ਮੋਹਲੇਧਾਰ ਮੀਂਹ ਨੇ ਅੱਜ ਗੁਰੂ ਨਗਰੀ ਦਾ ਜਨਜੀਵਨ ਅਸਤ-ਵਿਅਸਤ ਕਰ ਕੇ ਰੱਖ ਦਿੱਤਾ। ਸਾਵਣ ਦੀ ਸੰਗਰਾਂਦ ਦੇ ਪਹਿਲੇ ਦਿਨ ਪਏ ਇਸ ਮੀਂਹ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਨੂੰ ਮਜ਼ਬੂਰ ਕਰ ਦਿੱਤਾ ਜਦਕਿ ਗਿਣਤੀ ਦੇ ਕੁੱਝ ਲੋਕ ਹੀ ਬਰਸਾਤੀਆਂ ਤੇ ਛੱਤਰੀਆਂ ਲੈ ਕੇ ਸੜਕਾਂ ’ਤੇ ਦਿਖਾਈ ਦਿੱਤੇ। ਇਸ ਮੋਹਲੇਧਾਰ ਮੀਂਹ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ। ਸੜਕਾਂ ਦੇ ਖੱਡਿਆਂ ਵਿੱਚ ਪਾਣੀ ਖੜ੍ਹਾ ਹੋ ਜਾਣ ਕਰ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆਈਆਂ। ਸ਼ਹਿਰ ਦੀਆਂ ਨਵੀਆਂ ਬਣੀਆਂ ਨੀਵੀਆਂ ਅਬਾਦੀਆਂ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ।ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਅਤੇ ਅਕਾਸ਼ ਵਿੱਚ ਛਾਈ ਬੱਦਲਵਾਈ ਨਾਲ ਚੱਲੀਆਂ ਠੰਢੀਆਂ ਹਵਾਵਾਂ ਨਾਲ ਖੁਸ਼ਗਵਾਰ ਹੋਏ ਵਾਤਾਵਰਣ ਦਾ ਸ਼ਹਿਰੀਆਂ ਨੇ ਖੂਬ ਆਨੰਦ ਮਾਣਿਆ। ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਕਿਸਾਨਾਂ ਲਈ ਲਾਹੇਵੰਦਾ ਹੈ।
ਸ਼ਾਮ ਸਮੇਂ ਅੰਮ੍ਰਿਤਸਰ ਦਾ ਤਾਪਮਾਨ 28 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਸ਼ਹਿਰ ਦੀ ਲਾਈਫਲਾਈਨ ਕਹੇ ਜਾਂਦੇ ਐਲੀਵੇਟਿਡ ਰੋਡ ਤੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰ ਕੇ ਹਮੇਸ਼ਾਂ ਵਾਂਗ ਮੀਂਹ ਦਾ ਪਾਣੀ ਫੁਆਰਿਆਂ ਵਾਂਗ ਹੇਠਾਂ ਟਪਕਦਾ ਰਿਹਾ।ਇੰਡਸਟਰੀਅਲ ਫੋਕਲ ਪੁਆਇੰਟ ਮਹਿਤਾ ਰੋਡ, ਮਕਬੂਲ ਪੁਰਾ ਜੀ.ਟੀ ਰੋਡ ਟੀ. ਪੁਆਇੰਟ ਅਤੇ ਇੰਡਸਟਰੀਅਲ ਈਸਟ ਮੋਹਨ ਨਗਰ ਵਿੱਚ ਵੀ ਕਈ ਥਾਵਾਂ ’ਤੇ ਸੜਕਾਂ ਵਿੱਚ ਖੜ੍ਹੇ ਹੋਏ ਪਾਣੀ ਨੇ ਸਥਾਨਕ ਲੋਕਾਂ ਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ।