ਐਨ ਪੀ ਧਵਨ
ਪਠਾਨਕੋਟ, 16 ਸਤੰਬਰ
ਇਥੇ ਸ਼ੈਲੀ ਰੋਡ ’ਤੇ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਤੇ ਹੁਕਮਰਾਨ ਕਾਂਗਰਸ ਪਾਰਟੀ ਦੇ ਇੱਕ ਟਰਸਟੀ ਮੈਂਬਰ ਤੇ ਕਾਰਪੋਰੇਟਰ ਵੱਲੋਂ ਖੁਦ ਹੀ ਨਜਾਇਜ਼ ਕਬਜ਼ਾ ਕਰਨ ਦਾ ਮਾਮਲਾ ਗਰਮਾ ਗਿਆ ਹੈ ਅਤੇ ਭਾਜਪਾ ਨੇ ਅੱਜ ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਵਿਭਾਗ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਥੇ ਹੀ ਬੱਸ ਨਹੀਂ ਹੁਕਮਰਾਨ ਪਾਰਟੀ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਵੀ ਹਰਕਤ ਵਿੱਚ ਆ ਗਏ ਹਨ ਤੇ ਉਨ੍ਹਾਂ ਵੀ ਆਪਣੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਟਰੱਸਟ ਨੇ ਗਰੀਬ ਲੋਕਾਂ ਨੂੰ ਰਿਹਾਇਸ਼ ਲਈ ਸੈਲੀ ਰੋਡ ਤੇ ਟਰੱਕ ਯੂਨੀਅਨ ਦੇ ਨਾਲ ਲੱਗਦੀ ਜ਼ਮੀਨ ਵਿਚੋਂ 2-2 ਮਰਲੇ ਦੇ ਪਲਾਟ ਅਲਾਟ ਕੀਤੇ ਸਨ। ਇਨ੍ਹਾਂ ਪਲਾਟਾਂ ਵਿੱਚੋਂ ਇੱਕ ਪਲਾਟ ਮੌਜੂਦਾ ਟਰੱਸਟੀ ਤੇ ਕਾਰਪੋਰੇਟਰ ਵਿਜੇ ਭਗਤ ਦੇ ਪਿਤਾ ਦਾ ਵੀ ਸੀ ਪਰ ਹੁਣ ਕਾਰਪੋਰੇਟਰ ਵਿਜੇ ਭਗਤ ਨੇ ਕਥਿਤ ਤੌਰ ’ਤੇ ਆਪਣੇ 2 ਮਰਲੇ ਦੇ ਪਲਾਟ ਨਾਲ ਲੱਗਦੇ ਹੋਰ 2 ਮਰਲੇ ਦੇ ਪਲਾਟ ’ਤੇ ਵੀ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਬਾਅਦ ਉਨ੍ਹਾਂ ਨਗਰ ਸੁਧਾਰ ਟਰੱਸਟ ਦੇ ਐਕਸੀਅਨ ਬਰਜਿੰਦਰ ਮੋਹਨ ਨੂੰ ਮੌਕਾ ਦੇਖਣ ਅਤੇ ਪੂਰੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਅਤੇ ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ ਨੇ ਕਿਹਾ ਕਿ ਰਾਜਨੀਤਿਕ ਪਹੁੰਚ ਦੀ ਆੜ ਵਿੱਚ ਇੱਕ ਟਰੱਸਟੀ ਵੱਲੋਂ ਸਰਕਾਰੀ ਜ਼ਮੀਨ ’ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਸ਼ੁਰੂ ਤੋਂ ਹੀ ਕਬਜ਼ੇ ਕਰਨ ਦੀ ਰਾਜਨੀਤੀ ਕਰਦੇ ਆਏ ਹਨ। ਉਨ੍ਹਾਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਅਤੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਮੌਜੂਦਾ ਟਰੱਸਟੀ ਮੈਂਬਰ ਵਿਜੇ ਭਗਤ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਮੂਲੋਂ ਹੀ ਰੱਦ ਕੀਤਾ ਤੇ ਕਿਹਾ ਕਿ ਉਹ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।