ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ, 25 ਮਈ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾਕਟਰ ਤਰਸੇਮ ਸਿੰਘ ਸਿਆਲਕਾ ਨੇ ਪਿੰਡ ਬੋਹਜਾ ਅਤੇ ਖੁਜਾਲਾ ਦਾ ਦੌਰਾ ਕਰਕੇ ਪੀੜਤ ਪਰਿਵਾਰਾਂ ਦੀ ਸੁਣਵਾਈ ਕੀਤੀ ਗਈ। ਇਸ ਮੌਕੇ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ, ਡੀਐੱਸਪੀ ਸ੍ਰੀ ਹਰਗੋਬਿੰਦਪੁਰ ਹਰਕ੍ਰਿਸ਼ਨ ਸਿੰਘ , ਡਾਕਟਰ ਤਰਸੇਮ ਸਿੰਘ ਸਿਆਲਕਾ ਦੇ ਪੀਆਰਓ ਸਤਨਾਮ ਸਿੰਘ ਗਿੱਲ, ਹੁਸਨਪ੍ਰੀਤ ਸਿੰਘ ਸਿਆਲਕਾ, ਵਲਟੀਅਰ ਲਖਵਿੰਦਰ ਸਿੰਘ ਆਈਸੀਪੀ ਅਟਾਰੀ ਤੋਂ ਇਲਾਵਾ ਪੀੜਤ ਪਰਿਵਾਰ ਹਾਜ਼ਰ ਸਨ। ਡਾਕਟਰ ਸਿਆਲਕਾ ਨੇ ਮੁਸ਼ਕਲਾਂ ਸੁਣਨ ਤੋਂ ਬਾਅਦ ਦਲਿਤਾਂ ਨਾਲ ਕੀਤੇ ਜਾ ਰਹੇ ਅਨਿਆਏ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਪਿੰਡ ਖੁਜਾਲਾ ਵਿਖੇ ਸ਼ਿਕਾਇਤ ਕਰਤਾ ਹਰਦੀਪ ਸਿੰਘ ਦੀ ਸ਼ਿਕਾਇਤ ਸੁਣੀ ਗਈ ਤੇ ਪਿੰਡ ਵਾਸੀਆਂ ਦਾ ਪੱਖ ਸੁਣਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਅੱਜ ਦਾ ਇਹ ਦੌਰਾ ਦਲਿਤ ਪਰਿਵਾਰਾਂ ਵੱਲੋਂ ਕਮਿਸ਼ਨ ਨੂੰ ਭੇਜੀਆਂ ਸ਼ਿਕਾਇਤਾਂ ਸਬੰਧੀ ਕੀਤਾ ਗਿਆ ਹੈ ਪਰ ਅੱਜ ਕਈ ਮਹਿਕਮੇ ਦੇ ਅਧਿਕਾਰੀ ਹਾਜ਼ਰ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰੋਟੋਕਾਲ ਅਨੁਸਾਰ ਵਿਭਾਗੀ ਫ਼ਰਜ਼ ਨਿਭਾਉਣ ’ਚ ਕੋਤਾਹੀ ਕਰਨ ਅਤੇ ਕਮਿਸ਼ਨ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਲਈ ਸਬੰਧਿਤ ਵਿਭਾਗਾਂ ਨੂੰ ਲਿਖਿਆ ਜਾਵੇਗਾ। ਡਾਕਟਰ ਸਿਆਲਕਾ ਨੇ ਦੱਸਿਆ ਕਿ ਪਿੰਡ ਬੋਹਜੇ ਵਿੱਚ ਪਾਣੀ ਦੀ ਨਿਕਾਸੀ ਦਾ ਮਾਮਲਾ ਗੰਭੀਰ ਹੈ ਇਸ ਪਿੰਡ ’ਚ ਕਮਿਸ਼ਨ ਵੱਲੋਂ ਕੀਤੀ ਗਈ ਪੜਤਾਲ ਦੌਰਾਨ ਦਲਿਤਾਂ ਨਾਲ ਹੋ ਰਿਹਾ ਧੱਕਾ ਸਾਹਮਣੇ ਆਇਆ ਹੈ ਜਿਸ ਸਬੰਧੀ ਗ੍ਰਾਮ ਪੰਚਾਇਤ ਦੇ ਕਸੂਰਵਾਰ ਨੁਮਾਇੰਦਿਆਂ ਖ਼ਿਲਾਫ਼ ਐਟਰੋਸਿਟੀ ਐਕਟ, ਸਰਕਾਰੀ ਫ਼ੰਡ ਦੀ ਦੁਰਵਰਤੋਂ ਕਰਨ ਅਤੇ ਬਣਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਹਦਾਇਤ ਐੱਸਐੱਸਪੀ ਬਟਾਲਾ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਕਰ ਦਿੱਤੀ ਗਈ ਹੈ।
ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਵਲੋਂ ਦੌਰਾ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ):ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਪੰਜਾਬ ਦੇ ਮੈਂਬਰ ਜਨਾਬ ਲਾਲ ਹੁਸੈਨ ਵਲੋਂ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ।ਜਿਸ ਦੌਰਾਨ ਉਨਾਂ ਨੇ ਸਥਾਨਕ ਏਕਤਾ ਨਗਰ ਵਿਖੇ ਰਹਿਣ ਵਾਲੇ ਮੁਸਲਿਮ ਪਰਿਵਾਰ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨਾਂ ਦਾ ਨਿਪਟਾਰਾ ਕਰਨ ਦਾ ਵਿਸ਼ਵਾਸ਼ ਦਿਵਾਇਆ।ਪਿਛਲੇ ਲੰਬੇ ਸਮੇਂ ਤੋਂ ਕਬਰਸਤਾਨ ਦੀ ਸੇਵਾ ਸੰਭਾਲ ਅਤੇ ਦੇਖ-ਭਾਲ ਕਰ ਰਹੇ ਏਕਤਾ ਨਗਰ ਦੇ ਅਬਦੁਲ ਬਸੀਤ ਨੇ ਦੱਸਿਆ ਕਿ ਕੁੱਝ ਲੋਕ ਕਬਰਸਤਾਨ ਉਪਰ ਨਾਜਾਇਜ਼ ਤੌਰ ‘ਤੇ ਕਬਜ਼ਾ ਕਰ ਰਹੇ ਹਨ।ਜਿਸ ਦੀ ਜਾਣਕਾਰੀ ਉਨਾਂ ਨੇ ਪੰਜਾਬ ਵਕਫ਼ ਬੋਰਡ ਨੂੰ ਵੀ ਦਿੱਤੀ ਹੋਈ ਹੈ। ਕਮਿਸ਼ਨ ਨੇ ਭਰੋਸਾ ਦਿੱਤਾ ਕਿ ਨਜਾਇਜ਼ ਕਬਜ਼ੇ ਹਟਾਏ ਜਾਣਗੇ ਅਤੇ ਕਬਰਸਤਾਨ ਦੀ ਚਾਰ ਦੀਵਾਰੀ ਦੀ ਮੁਰੰਮਤ ਵਾਸਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਿਆ ਜਾਵੇਗਾ। ਇਸ ਸਮੇਂ ਅਬਦੁਲ ਬਸੀਤ, ਆਮਿਰ ਖਾਨ, ਜਗਦੀਸ਼ ਚਾਹਲ ਬਿਆਸ ਅਤੇ ਪੀ.ਏ ਵਿਰਸਾ ਸਿੰਘ ਹੰਸ ਮੌਜ਼ੂਦ ਸਨ।