ਪੱਤਰ ਪ੍ਰੇਰਕ
ਪਠਾਨਕੋਟ, 1 ਨਵੰਬਰ
ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲਾਈ ਗਈ ਮੁਹਿੰਮ ‘ਹੱਕ ਸਾਡਾ ਵੀ ਹੈ’ ਤਹਿਤ ਸਬ-ਜੇਲ੍ਹ ਪਠਾਨਕੋਟ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀਜੇਐਮ ਰੰਜੀਵ ਪਾਲ ਸਿੰਘ ਚੀਮਾ ਨੇ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ੍ਰੀ ਚੀਮਾ ਨੇ ਦੱਸਿਆ ਕਿ ‘ਹੱਕ ਸਾਡਾ ਵੀ ਹੈ’ ਮੁਹਿੰਮ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਡਵੋਕੇਟਾਂ ਅਤੇ ਪੈਰਾ ਲੀਗਲ ਵਾਲੰਟੀਅਰਾਂ ਦੀਆਂ ਟੀਮਾਂ ਬਣਾ ਕੇ ਉਨ੍ਹਾਂ ਰਾਹੀਂ ਕੈਦੀਆਂ ਅਤੇ ਹਵਾਲਾਤੀਆਂ ਦਾ ਸਾਰਾ ਡਾਟਾ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਹੈ ਕਿ ਹਰ ਕਿਸੇ ਨੂੰ ਉਸ ਦਾ ਹੱਕ ਪ੍ਰਾਪਤ ਹੋ ਸਕੇ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਹੋ ਸਕੇ। ਇਹ ਮੁਹਿੰਮ 13 ਨਵੰਬਰ ਤੱਕ ਚਲਾਈ ਜਾਵੇਗੀ। ਇਸ ਮੌਕੇ ਸਬ-ਜੇਲ੍ਹ ਦੇ ਸੁਪਰਡੈਂਟ ਜੀਵਨ ਠਾਕੁਰ, ਐਡਵੋਕੇਟ ਵਿਨੋਦ ਮਹਾਜਨ, ਐਡਵੋਕੇਟ ਬਲਵਿੰਦਰ ਸੈਣੀ, ਐਡਵੋਕੇਟ ਜਤਿੰਦਰ ਜੱਗੀ, ਐਡਵੋਕੇਟ ਰਖਿਆ ਦੇਵੀ ਪੰਡਿਤ, ਪੀਐਲਵੀ ਵਿਨੋਦ ਕੁਮਾਰ, ਪੀਐਲਵੀ ਨੀਲਮ ਦੇਵੀ, ਪੀਐਲਵੀ ਕੁਲਵਿੰਦਰ ਕੌਰ ਅਤੇ ਲਵਦੀਪ ਸਿੰਘ ਹਾਜ਼ਰ ਸਨ।