ਐੱਨਪੀ ਧਵਨ
ਪਠਾਨਕੋਟ, 22 ਜੁਲਾਈ
ਛੇਵੇਂ ਤਨਖਾਹ ਕਮਿਸ਼ਨ ਵੱਲੋਂ ਐਨਪੀਏ ਵਿੱਚ ਕੀਤੀ ਗਈ 5 ਪ੍ਰਤੀਸ਼ਤ ਕਟੌਤੀ ਦੇ ਵਿਰੋਧ ਵਿੱਚ ਡਾਕਟਰਾਂ ਨੇ ਓਪੀਡੀ ਬੰਦ ਕਰਕੇ ਸਾਰਾ ਦਿਨ ਹੜਤਾਲ ਰੱਖੀ ਜਿਸ ਨਾਲ ਸਿਵਲ ਹਸਪਤਾਲ ਅੰਦਰ ਆਉਣ ਵਾਲੇ ਮਰੀਜ਼ ਪ੍ਰੇਸ਼ਾਨ ਹੋਏ। ਡਾਕਟਰਾਂ ਨੇ ਹੱਥਾਂ ਵਿੱਚ ਬੈਨਰ ਅਤੇ ਤਖਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਪੀਸੀਐਮਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਮਧੁਰ ਮੱਟੂ, ਡਾ. ਸੁਨੀਲ ਚੰਦ ਅਤੇ ਡਾ. ਸ਼ੈਰੀਨ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹੁਣ ਤੱਕ ਦਾ ਰਵੱਈਆ ਉਨ੍ਹਾਂ ਪ੍ਰਤੀ ਟਾਲ-ਮਟੋਲ ਵਾਲਾ ਹੈ ਜਿਸ ਕਰਕੇ ਭਲਕੇ 23 ਤਰੀਕ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੇ ਘਰ ਵੱਲ ਰੋਸ ਮਾਰਚ ਕੀਤਾ ਜਾਵੇਗਾ। ਦੂਸਰੇ ਪਾਸੇ ਡਾਕਟਰਾਂ ਦੇ ਹੜਤਾਲ ਤੇ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਅੰਮਿ੍ਤਸਰ (ਜਗਤਾਰ ਸਿੰਘ ਲਾਂਬਾ): ਈ.ਐਸ.ਆਈ. ਇੰਪਲਾਈਜ਼ ਫੈਡਰੇਸ਼ਨ ਪੰਜਾਬ ਵਲੋਂ ਪੀਸੀਐਮਐਸ ਐਸੋਸੀਏਸ਼ਨ ਦੇ ਡਾਕਟਰਾਂ ਦੀ ਹਮਾਇਤ ਵਿੱਚ ਈ.ਐਸ.ਆਈ ਹਸਪਤਾਲ ਵਿਖੇ ਕੀਤੀ ਜਾ ਰਹੀ ਹੜਤਾਲ ਅੱਜ 15ਵੇਂ ਦਿਨ ਵਿੱਚ ਦਾਖਲ ਹੋ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਸਪਤਾਲ ਦਾ ਸਾਰਾ ਕੰਮਕਾਜ ਠੱਪ ਕਰਕੇ ਸੰਸਥਾ ਦੇ ਸਾਰੇ ਡਾਕਟਰਾਂ ਅਤੇ ਮੁਲਾਜ਼ਮਾਂ ਨੇ ਹਸਪਤਾਲ ਦੇ ਬਾਹਰ ਰੋਸ-ਧਰਨਾ ਦਿੱਤਾ। ਇਸ ਰੋਸ ਧਰਨੇ ਵਿਚ ਪੀ.ਸੀ.ਐਮ.ਐਸ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਡਾ. ਮਦਨ ਮੋਹਨ ਅਤੇ ਐੱਮਐੱਲਟੀ ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਬਾਬਾ ਮਲਕੀਤ ਸਿੰਘ ਭੱਟੀ ਨੇ ਵੀ ਭਾਗ ਲਿਆ। ਇਸ ਉਪਰੰਤ ਇਕ ਰੋਸ-ਮਾਰਚ ਵੀ ਕੱਢਿਆ ਗਿਆ। ਪ੍ਰਦਰਸ਼ਨਕਾਰੀ ਮੈਂਬਰਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ, ਜਿਸ ਉਪਰ ਸਰਕਾਰ ਵਿਰੋਧੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਕ ਵਿੱਚ ਨਾਅਰੇ ਲਿਖੇ ਹੋਏ ਸਨ। ਧਰਨੇ ਵਿੱਚ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ 6ਵੇਂ ਤਨਖਾਹ ਕਮਿਸ਼ਨ ਦੀਆਂ ਡਾਕਟਰ ਅਤੇ ਮੁਲਾਜ਼ਮਾਂ ਵਿਰੋਧੀ ਸਿਫਾਰਸ਼ਾਂ ਦੀ ਸਖਤ ਨਿੰਦਾ ਕੀਤੀ। ਫੈਡਰੇਸ਼ਨ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ ਤਨਖਾਹ ਕਮਿਸ਼ਨ ਵਿੱਚਲੀਆਂ ਕਮੀਆਂ ਨੂੰ ਦੂਰ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਇਹ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਤਿੱਖਾ ਕਰਦਿਆਂ ਚੰਡੀਗੜ੍ਹ ਦੀਆਂ ਸੜਕਾਂ ਤੱਕ ਲਿਜਾਇਆ ਜਾਵੇਗਾ। ਇਸ ਮੌਕੇ ਤੇ ਫੈਡਰੇਸ਼ਨ ਦੇ ਚੇਅਰਮੈਨ ਡਾ. ਕਸ਼ਮੀਰ ਸਿੰਘ, ਜਨਰਲ ਸਕੱਤਰ ਬਲਦੇਵ ਸਿੰਘ ਝੰਡੇਰ, ਡਾ. ਦਿਲਬਾਗ ਸਿੰਘ, ਡਾ. ਰਜੇਸ਼ ਭਗਤ, ਡਾ. ਅਲੋਕ ਨਰਾਇਣ, ਡਾ. ਜੁਗਲ ਕਿਸ਼ੋਰ, ਡਾ. ਵੰਦਨਾ ਚਿਤਕਾਰਾ, ਡਾ. ਰਜਨੀਤ, ਡਾ. ਸਿਮਰਤ ਗਿੱਲ, ਡਾ. ਲਲਿਤ ਸਿੰਘਾਨਿਆ, ਡਾ. ਸ਼ਿਖਾ ਭਾਰਦਵਾਜ, ਡਾ. ਅਵਲੀਨ, ਗੁਰਿੰਦਰ ਸਿੰਘ, ਰਵਿੰਦਰ ਸ਼ਰਮਾ, ਸੰਜੀਵ ਵਰਮਾ ਆਦਿ ਸ਼ਾਮਿਲ ਹਨ।
ਹਸਪਤਾਲਾਂ ਵਿੱਚ ਆਮ ਲੋਕ ਹੋ ਰਹੇ ਖ਼ੁਆਰ
ਹੁਸ਼ਿਆਰਪੁਰ (ਪੱਤਰ ਪੇ੍ਰਕ): ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ’ਚ ਡਾਕਟਰਾਂ ਦੀ ਹੜਤਾਲ ਕਾਰਨ ਆਮ ਜਨਤਾ ਖੱਜਲ ਖੁਆਰ ਹੋ ਰਹੀ ਹੈ। 10 ਰੁਪਏ ਸਰਕਾਰੀ ਫ਼ੀਸ ਦੇ ਕੇ ਚੈੱਕਅਪ ਕਰਵਾਉਣ ਵਾਲੇ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ’ਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਮ ਦਿਨਾਂ ’ਚ ਸਥਾਨਕ ਸਿਵਲ ਹਸਪਤਾਲ ’ਚ 600-700 ਮਰੀਜ਼ ਓਪੀਡੀ ਵਿੱਚ ਆਉਂਦਾ ਹੈ ਪਰ ਹੜਤਾਲ ਕਾਰਨ ਓਪੀਡੀ ਬੰਦ ਹੈ। ਕੇਵਲ ਐਮਰਜੈਂਸੀ ਸੇਵਾਵਾਂ ਹੀ ਚੱਲ ਰਹੀਆਂ ਹਨ। ਮਰੀਜ਼ਾਂ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਮੈਡੀਕਲ ਕਰਵਾਉਣਾ ਹੈ, ਆਯੂਸ਼ਮਾਨ ਜਾਂ ਯੂ.ਡੀ.ਆਈ ਕਾਰਡ ਬਣਵਾਉਣੇ ਹਨ ਜਾਂ ਡੋਪ ਟੈਸਟ ਕਰਵਾਉਣੇ ਹਨ, ਉਨ੍ਹਾਂ ਲਈ ਵੱਡੀ ਸਿਰਦਰਦੀ ਬਣੀ ਹੋਈ ਹੈ। ਨਵਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਲਈ ਜ਼ਰੂਰੀ ਮੈਡੀਕਲ ਰਿਪੋਰਟ ਲੈਣ ’ਚ ਸਮੱਸਿਆ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਡਾਕਟਰ ਐਨ.ਪੀ.ਏ ਦੇ ਮੁੱਦੇ ’ਤੇ ਹੜਤਾਲ ’ਤੇ ਚੱਲ ਰਹੇ ਹਨ। ਡਾਕਟਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਡਾਕਟਰਾਂ ਨੂੰ ਆਮ ਜਨਤਾ ਨਾਲ ਹਮਦਰਦੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਡਾਕਟਰਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ।