ਲਖਨਪਾਲ ਸਿੰਘ
ਮਜੀਠਾ, 31 ਦਸੰਬਰ
ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਪੰਜਾਬ ਵਲੋਂ ਯੂਨੀਅਨ ਆਗੂ ਡਾ. ਸਰਬਜੀਤ ਕੌਰ ਦੀ ਅਗਵਾਈ ਵਿੱਚ ਅੱਜ ਅੰਮ੍ਰਿਤਸਰ-ਪਠਾਨਕੋਟ ਜੀਟੀ ਰੋਡ ਸਥਿਤ ਟੌਲ ਪਲਾਜ਼ਾ ਕੱਥੂਨੰਗਲ ਨੂੰ ਵਾਹਨਾਂ ਦੀ ਆਵਾਜਾਈ ਠੱਪ ਕਰ ਕੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਿਚ ਠੇਕੇ ’ਤੇ ਕੰਮ ਕਰਦੀਆਂ ਇਨ੍ਹਾਂ ਸਿਹਤ ਮੁਲਾਜ਼ਮਾਂ ਨੇ ਟੌਲ ਪਲਾਜ਼ਾ ਉਪਰ ਪੱਕਾ ਧਰਨਾ ਲਾਇਆ ਹੋਇਆ ਹੈ। ਪੰਜਾਬ ਸਰਕਾਰ ਵਲੋਂ ਇਨ੍ਹਾਂ ਇਸਤਰੀ ਮੁਲਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਇਨ੍ਹਾਂ ਨੇ ਅੱਜ ਫਿਰ ਤੋਂ ਟੌਲ ਪਲਾਜ਼ਾ ਦੋਵਾਂ ਪਾਸਿਓਂ ਮੁਕੰਮਲ ਬੰਦ ਕਰ ਦਿੱਤਾ। ਟੌਲ ਪਲਾਜ਼ਾ ਜਾਮ ਹੋਣ ਕਾਰਨ ਰਾਹਗੀਰ ਖੱਜਲ ਖੁਆਰ ਹੁੰਦੇ ਰਹੇ ਤੇ ਲਿੰਕ ਸੜਕਾਂ ’ਤੇ ਵਾਹਨਾਂ ਦੇ ਭਾਰੀ ਜਾਮ ਲੱਗ ਗਏ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਅੱਜ ਫਿਰ ਟੌਲ ਪਲਾਜ਼ਾ ਬੰਦ ਕੀਤਾ ਗਿਆ ਹੈ।
ਸਿਹਤ ਕਾਮਿਆਂ ਵੱਲੋਂ ਮੁਜ਼ਾਹਰਾ
ਪਠਾਨਕੋਟ (ਐਨ.ਪੀ.ਧਵਨ): ਤਾਲਮੇਲ ਕਮੇਟੀ ਪੈਰਾ-ਮੈਡੀਕਲ ਅਤੇ ਸਿਹਤ ਮੁਲਾਜ਼ਮ ਪੰਜਾਬ ਦੇ ਸੱਦੇ ’ਤੇ ਪ੍ਰਾਇਮਰੀ ਹੈਲਥ ਸੈਂਟਰ ਮਾਧੋਪੁਰ ਵਿੱਚ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਵਿਰੁੱਧ ਸਿਹਤ ਮੁਲਾਜ਼ਮਾਂ ਅਤੇ ਪੈਰਾ-ਮੈਡੀਕਲ ਸਟਾਫ ਵੱਲੋਂ ਕਲਮ ਛੱਡੋ ਹੜਤਾਲ ਕੀਤੀ ਗਈ ਅਤੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਮੁੱਖ ਆਗੂ ਰਾਜਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿਹਾਤੀ ਇਲਾਕੇ, ਸਰਹੱਦੀ ਇਲਾਕੇ ਸਮੇਤ ਜੋ 37 ਤਰ੍ਹਾਂ ਦੇ ਭੱਤੇ ਬੰਦ ਕੀਤੇ ਗਏ ਹਨ। ਉਨ੍ਹਾਂ ਨੂੰ ਬਿਨਾਂ ਦੇਰੀ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਠੇਕੇ ਅਤੇ ਆਊਟਸੋਰਸ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੂਰੇ ਸਕੇਲ ਉਪਰ ਰੈਗੂਲਰ ਕੀਤਾ ਜਾਵੇ ਤੇ ਸਾਰੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾਵੇ।