ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 9 ਜੁਲਾਈ
ਕਲਮ ਛੋੜ ਹੜਤਾਲ ਦੇ ਸੱਦੇ ’ਤੇ ਅੱਜ ਦੂਜੇ ਦਿਨ ਵੀ ਸੀਐੱਚਸੀ ਧਾਰੀਵਾਲ ਵਿੱਚ ਪੈਰਾ ਮੈਡੀਕਲ ਅਤੇ ਮੈਡੀਕਲ ਸਟਾਫ਼ ਸਣੇ ਸਮੁੱਚੇ ਸਟਾਫ਼ ਦੀ ਹੜਤਾਲ ਜਾਰੀ ਰਹੀ ਅਤੇ ਸੇਵਾਵਾਂ ਠੱਪ ਰੱਖੀਆਂ ਗਈਆਂ। ਅੱਜ ਹੜਤਾਲ ਦੀ ਪ੍ਰਧਾਨਗੀ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਕੇਸ਼ ਵਿਲੀਅਮ, ਪੀਸੀ ਐੱਮਐੱਸ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਡਾ. ਜਨਾਥਨ, ਫਾਰਮੇਸੀ ਅਫਸਰ ਪ੍ਰਦੀਪ ਕੁਮਾਰ ਅਤੇ ਸਟਾਫ ਨਰਸ ਮਨਜਿੰਦਰ ਕੌਰ ਨੇ ਸਾਂਝੇ ਤੌਰ ’ਤੇ ਕੀਤੀ। ਦੋ ਰੋਜ਼ਾ ਹੜਤਾਲ ਦੌਰਾਨ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਡਾ. ਜਨਾਥਨ ਅਤੇ ਰਾਕੇਸ਼ ਵਿਲੀਅਮ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਛੇਵੇਂ ਪੇਅ ਕਮਿਸ਼ਨ ਵਿੱਚ ਬਦਲਾਅ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਈ.ਐੱਸ.ਆਈ ਡਿਸਪੈਂਸਰੀ ਧਾਰੀਵਾਲ ਵਿੱਚ ਵੀ ਸਿਹਤ ਸੇਵਾਵਾਂ ਠੱਪ ਰਹੀਆਂ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੀ.ਐਚ.ਸੀ ਚੱਕੋਵਾਲ ਵਿੱਚ ਵੀ ਮੁਲਾਜ਼ਮਾਂ ਨੇ ਕੰਮਕਾਜ ਠੱਪ ਕਰਕੇ ਰੋਸ ਪ੍ਰਗਟਾਇਆ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕੀਤਾ ਜਾਵੇ, ਤਨਖਾਹ ਵਿਚ ਵਾਧਾ ਕੀਤਾ ਜਾਵੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਮੁਲਾਜ਼ਮਾਂ ਘੱਟੋ-ਘੱਟ ਉਜਰਤ ਦੇ ਘੇਰੇ ਅਧੀਨ ਲਿਆਂਦਾ ਜਾਵੇ, ਮੁਲਾਜ਼ਮਾਂ ਦੀ ਕੀਤੀ ਜਾ ਰਹੀ ਛਾਂਟੀ ਨੂੰ ਬੰਦ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ, ਡਾ. ਜਤਿੰਦਰ ਕੁਮਾਰ ਤੇ ਆਦਿ ਨੇ ਸੰਬੋਧਨ ਕੀਤਾ।