ਪੱਤਰ ਪ੍ਰੇਰਕ
ਕਾਹਨੂੰਵਾਨ, 9 ਨਵੰਬਰ
ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਸਲਾਹਪੁਰ ਬੇਟ ਨਜ਼ਦੀਕ ਊਗਰਾਹੀ ਕਰ ਕੇ ਜਾ ਰਹੇ ਇਕ ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਲੁਟੇਰਿਆਂ ਨੇ 80 ਹਜ਼ਾਰ ਰੁਪਏ ਲੁੱਟ ਲਏ। ਕੇਬੀਐੱਲ ਕੰਪਨੀ ਦਸੂਹਾ ਦੇ ਮੁਲਾਜ਼ਮ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡਾਂ ਵਿੱਚੋਂ ਪੈਸਿਆਂ ਦੀ ਊਗਰਾਹੀ ਕਰ ਕੇ ਜਦੋਂ ਦਰਿਆ ਬਿਆਸ ਦੇ ਧੁੱਸੀ ਬੰਨ੍ਹ ਉੱਤੇ ਪੁੱਜੇ ਤਾਂ ਪਿੰਡ ਸਲਾਹਪੁਰ ਨੇੜੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਉਨ੍ਹਾਂ ਨੇ ਕੰਪਨੀ ਦੇ ਮੁਲਾਜ਼ਮ ਲਵਪ੍ਰੀਤ ਸਿੰਘ, ਕੁਲਦੀਪ ਸਿੰਘ ਤੇ ਮਨਿੰਦਰਪਾਲ ਸਿੰਘ ਤੋਂ ਪੈਸਿਆਂ ਵਾਲਾ ਬੈਗ ਖੋਹਣ ਲਈ ਹਮਲਾ ਕੀਤਾ ਤੇ ਕੁਲਦੀਪ ਸਿੰਘ ਨੂੰ ਜ਼ਖ਼ਮੀ ਕਰ ਕੇ 80 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਥਾਣਾ ਭੈਣੀ ਮੀਆਂ ਖਾਂ ਵਿੱਚ ਕੇਸ ਦਰਜ ਕੀਤਾ ਗਿਆ ਹੈ।