ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 2 ਜੁਲਾਈ
ਇੱਥੇ ਸਥਿਤ ਫਿਊਜ਼ਨ ਮਾਈਕਰੋ ਫਾਇਨਾਂਸ ਕੰਪਨੀ ਵਿੱਚੋਂ ਬੀਤੀ ਦੇਰ ਰਾਤ ਹਥਿਆਰਬੰਦ ਲੁਟੇਰਿਆਂ ਨੇ ਲੱਖਾਂ ਰੁਪਏ ਦੀ ਲੁੱਟ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਭੀ ਗੰਗੋਤਰੀ ਵਾਸੀ ਨਰੋਟ ਮੇਹਰ ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਉਹ ਫਿਊਜ਼ਨ ਮਾਈਕਰੋ ਫਾਇਨੈਂਸ ਕੰਪਨੀ ਜੰਡਿਆਲਾ ਗੁਰੂ ਵਿੱਚ ਬਤੌਰ ਅਸਿਸਟੈਂਟ ਬ੍ਰਾਂਚ ਮੈਨੇਜਰ ਕੰਮ ਕਰਦਾ ਹੈ ਤੇ ਰਾਤ ਕਰੀਬ 11.30 ਵਜੇ ਉਹ ਤੇ ਉਸ ਦਾ ਸਾਥੀ ਸ਼ਨੀਵਾਰ ਸਿੰਘ ਵਾਸੀ ਘੱਗਾ ਮਲੋਟ ਜ਼ਿਲ੍ਹਾ ਮੁਕਤਸਰ ਦਫ਼ਤਰ ਵਿੱਚ ਮੌਜੂਦ ਸਨ ਅਤੇ ਹੋਰ ਕਰਮਚਾਰੀ ਸੁੱਤੇ ਹੋਏ ਸਨ। ਉਸ ਨੇ ਦੱਸਿਆ ਦਫਤਰ ਦੀ ਕੰਧ ਟੱਪ ਕੇ ਤਿੰਨ ਵਿਅਕਤੀ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਤਿੰਨਾਂ ਕੋਲ ਪਸਤੌਲ ਸਨ ਦਫ਼ਤਰ ਅੰਦਰ ਦਾਖਲ ਹੋਏ।
ਇਨ੍ਹਾਂ ਵਿਚੋਂ ਇਕ ਵਿਅਕਤੀ ਮੇਨ ਗੇਟ ਦੇ ਕੋਲ ਰਿਹਾ ਅਤੇ ਦੋ ਵਿਅਕਤੀ ਦਫ਼ਤਰ ਦੇ ਅੰਦਰ ਦਾਖਲ ਹੋਏ, ਜਿਥੇ ਉਹ ਅਤੇ ਉਸ ਦਾ ਸਾਥੀ ਨਗਦੀ ਗਿਣ ਰਹੇ ਸਨ।
ਮੈਨੇਜਰ ਨੇ ਦੱਸਿਆ ਇਨ੍ਹਾਂ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਕੋਲੋਂ 5,57,842 ਰੁਪਏ ਅਤੇ ਕੰਪਨੀ ਦੇ ਤਿੰਨ ਮੋਬਾਈਲ ਫੋਨ ਖੋਹ ਲਏ ਤੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਹੋਏ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਪੁੱਟ ਕੇ ਨਾਲ ਲੈ ਗਏ। ਜੰਡਿਆਲਾ ਗੁਰੂ ਪੁਲੀਸ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।