ਐਨ.ਪੀ.ਧਵਨ
ਪਠਾਨਕੋਟ, 8 ਜੁਲਾਈ
ਪਤਨੀ ਵੱਲੋਂ ਆਪਣੀ ਬੱਚੀ ਸਮੇਤ ਪ੍ਰੇਮੀ ਨਾਲ ਫ਼ਰਾਰ ਹੋ ਜਾਣ ਬਾਅਦ ਪ੍ਰੇਮੀ ਤੇ ਉਸ ਦੀ ਚਾਚੀ ਅਤੇ ਪਤਨੀ ਵੱਲੋਂ ਤੰਗ ਪ੍ਰੇਸ਼ਾਨ ਕਰਨ ’ਤੇ ਇੱਕ 27 ਸਾਲਾ ਨੌਜਵਾਨ ਨੇ ਅੱਜ ਤੜਕੇ ਹਨੇਰੇ ਵਿੱਚ ਬਿਜਲੀ ਦੀ ਨੰਗੀ ਤਾਰ ਨੂੰ ਹੱਥਾਂ ਵਿੱਚ ਫੜ ਕੇ ਕਰੰਟ ਰਾਹੀਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨੌਜਵਾਨ ਦੀ ਪਛਾਣ ਪ੍ਰਵੀਨ ਕੁਮਾਰ ਉਰਫ਼ ਸੰਨੀ ਵਾਸੀ ਮੁਹੱਲਾ ਸੈਨਗੜ੍ਹ ਵੱਜੋਂ ਹੋਈ ਹੈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਅੱਧੀ ਰਾਤ 3 ਵਜੇ ਦੇ ਉਕਤ ਨੌਜਵਾਨ ਦੇ ਕਮਰੇ ਵਿੱਚ ਫਰਾਟਾ ਪੱਖਾ ਡਿੱਗਣ ਦੀ ਅਵਾਜ਼ ਸੁਣਾਵੀ ਦਿੱਤੀ ਤਾਂ ਕਮਰੇ ਦੇ ਬਾਹਰ ਸੁੱਤੇ ਉਸ ਦੇ ਪਿਤਾ ਨੇ ਜਿਉਂ ਹੀ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਉਸ ਦਾ ਬੇਟਾ ਸੰਨੀ ਪੱਖੇ ਦੀਆਂ ਤਾਰ ਦੇ ਨਾਲ ਚਿੰਬੜ ਕੇ ਜ਼ਮੀਨ ’ਤੇ ਡਿੱਗਾ ਪਿਆ ਸੀ। ਹਫੜਾ-ਦਫੜੀ ਵਿੱਚ ਸੰਨੀ ਨੂੰ ਉਸ ਨੂੰ ਹੱਥਾਂ ਵਿੱਚ ਫੜੀ ਹੋਈ ਪੱਖੇ ਦੀ ਨੰਗੀ ਤਾਰ ਦੇ ਜਾਲ ਚੋਂ ਕੱਢ ਕੇ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਉਸ ਨੂੰ ਕਰੰਟ ਲੱਗਣ ਦੇ ਚੱਲਦੇ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਨੌਜਵਾਨ ਦੀ ਜੇਬ ਚੋਂ ਉਸ ਵੱਲੋਂ ਲਿਖਿਆ ਗਿਆ ਖੁਦਕੁਸ਼ੀ ਨੋਟ ਪੁਲੀਸ ਨੂੰ ਮਿਲਿਆ।ਉਸ ਨੇ ਸਾਫ ਲਿਖਿਆ ਸੀ ਕਿ ਉਸ ਦੀ ਮੌਤ ਦੇ ਜ਼ਿੰਮੇਵਾਰ ਉਸ ਦੀ ਪਤਨੀ, ਪਤਨੀ ਦਾ ਪ੍ਰੇਮੀ ਅਤੇ ਪ੍ਰੇਮੀ ਦੀ ਚਾਚੀ ਹੈ।ਮ੍ਰਿਤਕ ਪ੍ਰਵੀਨ ਕੁਮਾਰ ਉਰਫ਼ ਸੰਨੀ ਦੀ ਪਤਨੀ ਇੱਕ ਮਹੀਨਾ ਪਹਿਲਾਂ ਉਸ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ ਜਿਸ ਦੇ ਬਾਅਦ ਉਸ ਨੇ ਆਪਣੀ ਪਤਨੀ ਨੂੰ ਅਪੀਲ ਕੀਤੀ ਕਿ ਉਹ ਉਸ ਦੀ 4 ਸਾਲਾ ਬੇਟੀ ਨੂੰ ਵਾਪਸ ਦੇ ਦੇਵੇ ਪਰ ਉਹ ਮ੍ਰਿਤਕ ਸੰਨੀ ਦੇ ਨਾਲ ਉਸ ਦੀ ਪਤਨੀ, ਪ੍ਰੇਮੀ ਤੇ ਪ੍ਰੇਮੀ ਦੀ ਚਾਚੀ ਹਰ ਵਾਰ ਗਾਲੀ ਗਲੋਚ ਕਰਕੇ ਫੋਨ ਕੱਟ ਦਿੰਦੇ ਸਨ।ਥਾਣਾ ਡਿਵੀਜ਼ਨ ਨੰਬਰ 2 ਦੇ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਮ੍ਰਿਤਕ ਤੋਂ ਪ੍ਰਾਪਤ ਹੋਏ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਮ੍ਰਿਤਕ ਸੰਨੀ ਦੀ ਪਤਨੀ ਰਿੰਪੀ, ਉਸ ਦੇ ਪ੍ਰੇਮੀ ਨਰੇਸ਼ ਕੁਮਾਰ ਅਤੇ ਨਰੇਸ਼ ਕੁਮਾਰ ਦੀ ਚਾਚੀ ਦੇ ਖਿਲਾਫ਼ ਆਈ.ਪੀ.ਸੀ. ਦੀ ਧਾਰਾ 306, 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।