ਰਾਜਨ ਮਾਨ
ਰਮਦਾਸ, 14 ਫਰਵਰੀ
ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ‘ਆਪ’, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਵਿਚਕਾਰ ਤਿਕੋਣੀ ਟੱਕਰ ਹੋਣ ਕਾਰਨ ਜਿਉਂ ਜਿਉਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ ਤਿਉਂ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਹਲਕੇ ਵਿੱਚ ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ, ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਅਕਾਲੀ ਦਲ ਤੇ ਅਮਰਪਾਲ ਸਿੰਘ ਬੋਨੀ ਵਿਚਕਾਰ ਪੇਚ ਫਸਿਆ ਹੋਇਆ ਹੈ। ਲੋਕਾਂ ਵਿੱਚ ਵਿਕਾਸ ਨੂੰ ਲੈ ਗੁੱਸਾ ਆਮ ਵੇਖਿਆ ਜਾ ਰਿਹਾ ਹੈ ਲੋਕ ਵਿਕਾਸ ਦਾ ਏਜੰਡਾ ਲੈ ਕੇ ਚੱਲ ਰਹੇ ਹਨ। ਇਹ ਗੱਲ ਵੇਖਣ ਵਿੱਚ ਆਈ ਹੈ ਕੇ ਬਹੁਤ ਸਾਰੇ ਲੋਕ ਮੂੰਂਹ ਮਲਾਜ਼ੇ ਨੂੰ ਲੈ ਕੇ ਰਵਾਇਤੀ ਪਾਰਟੀਆਂ ਨਾਲ ਤੁਰੇ ਤਾਂ ਹੋਏ ਹਨ ਪਰ ਅੰਦਰੋਂ ਉਹ ਵੀ ਬਦਲਾਅ ਦੀ ਗੱਲ ਕਰਦੇ ਹਨ।
ਸਾਰੇ ਉਮੀਦਵਾਰਾਂ ਵਲੋਂ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਪਰਿਵਾਰਾਂ ਸਮੇਤ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਆਪਣੀ ਪਤਨੀ ਤੇ ਅਮਰੀਕਾ ਤੋਂ ਆਈ ਨੂੰਹ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ। ਅਕਾਲੀ ਦਲ ਦੇ ਉਮੀਦਵਾਰ ਬੋਨੀ ਅਜਨਾਲਾ ਵਲੋਂ ‘ਆਪ’ ਤੇ ਕਾਂਗਰਸ ਨੂੰ ਮੌਕਾਪ੍ਰਸਤ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਅਕਾਲੀ ਦਲ ਨੂੰ ਹੀ ਲੋਕ ਹਿਤੈਸ਼ੀ ਹੋਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਉਧਰ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਕਾਂਗਰਸ ਸਰਕਾਰ ਵਲੋਂ ਕੀਤੇ ਗਏ ਕੰਮਾਂ ਦੀਆਂ ਤਾਰੀਫਾਂ ਕਰਕੇ ਲੋਕਾਂ ਨੂੰ ਉਨ੍ਹਾਂ ਦਾ ਸਾਥ ਦੇਣ ਦਾ ਸੱਦਾ ਦਿੱਤਾ ਜਾ ਰਿਹਾ ਹੈ।