ਨਿੱਜੀ ਪੱਤਰ ਪ੍ਰੇਰਕ
ਬਟਾਲਾ, 4 ਜੁਲਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ। ਕੈਂਪ ’ਚ 110 ਬੱਚਿਆਂ ਨੇ ਹਿੱਸਾ ਲਿਆ। ਪ੍ਰਚਾਰਕਾਂ ਨੇ ਕੈਂਪ ਦੌਰਾਨ ਬੱਚਿਆਂ ਨੂੰ ਸਿੱਖ ਧਰਮ ਦੇ ਮੁੱਢਲੇ ਸਿਧਾਂਤਾਂ, ਗੁਰਬਾਣੀ ਤੇ ਰਹਿਤ ਮਰਿਯਾਦਾ ਬਾਰੇ ਦੱਸਿਆ। ਇਹ ਕੈਂਪ ਐੱਸਜੀਪੀਸੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ ਹੇਠ ਲੱਗਾ। ਧਰਮ ਪ੍ਰਚਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਸੇਖਵਾਂ, ਭਾਈ ਸਿਮਰਨਜੀਤ ਸਿੰਘ ਕੋਟ ਟੋਡਰਮੱਲ, ਹੈੱਡ ਗ੍ਰੰਥੀ ਭਾਈ ਨਾਨਕ ਸਿੰਘ, ਗ੍ਰੰਥੀ ਮੁਖਤਾਰ ਸਿੰਘ ਤੇ ਕਵੀਸ਼ਰ ਭਾਈ ਲਾਲ ਸਿੰਘ ਨੇ ਸਿੱਖਿਆ ਦਿੱਤੀ।
ਕੈਂਪ ਦੇ ਅੰਤਿਮ ਦਿਨ ਜਥੇਦਾਰ ਗੋਰਾ ਨੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਪਹੁੰਚ ਕੇ ਬੱਚਿਆਂ ਤੋਂ ਸਵਾਲ ਪੁੱਛੇ ਜੋ ਬੱਚਿਆਂ ਨੇ ਸਟੇਜ ’ਤੇ ਆ ਕੇ ਜਵਾਬ ਸੁਣਾਏ। ਉਨ੍ਹਾਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਭੇਜੇ ਮੈਡਲ, ਧਾਰਮਿਕ ਪੁਸਤਕਾਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਸੈਦੋਵਾਲ, ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ ਮੈਨੇਜਰ ਮਨਜੀਤ ਸਿੰਘ ਜਫਰਵਾਲ, ਐੱਮਸੀ ਕੁਲਵੰਤ ਸਿੰਘ ਤੇ ਵੱਖ-ਵੱਖ ਪਿੰਡਾਂ ਦੇ ਮੋਹਤਬਰ ਹਾਜ਼ਰ ਸਨ।