ਜਤਿੰਦਰ ਬੈਂਸ
ਗੁਰਦਾਸਪੁਰ, 3 ਅਗਸਤ
ਸ੍ਰੀਹਰਗੋਬਿੰਦਪੁਰ ਦੇ ਪਿੰਡ ਮਾੜੀ ਬੁੱਚੀਆਂ ਵਿੱਚ ਪੰਚਾਇਤੀ ਜ਼ਮੀਨ ਦੀ ਫਰਜ਼ੀ ਬੋਲੀ ਅਤੇ ਪੰਚਾਇਤੀ ਰਸਤਾ ਵਾਹ ਦੇਣ ਦੇ ਦੋਸ਼ ਲਾਉਂਦਿਆਂ ਮਸਲੇ ਦੇ ਹੱਲ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਦੁਪਹਿਰ ਤੱਕ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਾ ਹੋਣ ਕਾਰਨ ਰੋਸ ਵਿੱਚ ਧਰਨਾਕਾਰੀਆਂ ਨੇ ਸ਼ਹਿਰ ਦੇ ਜਹਾਜ਼ ਚੌਕ ਵਿੱਚ ਸੜਕ ਉੱਤੇ ਧਰਨਾ ਲਾ ਕਾ ਜਾਮ ਲਾ ਦਿੱਤਾ। ਇਸ ਤੋਂ ਇੱਕ ਦਿਨ ਪਹਿਲਾਂ ਇਸ ਮਾਮਲੇ ਨੂੰ ਹੀ ਲੈ ਕੇ ਸੰਘਰਸ਼ ਕਮੇਟੀ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਡੀਡੀਪੀਓ ਦਫ਼ਤਰ ਗੁਰਦਾਸਪੁਰ ਵਿੱਚ ਵੀ ਧਰਨਾ ਲਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਮਸਲਾ ਹੱਲ ਨਾ ਹੋਣ ਕਾਰਨ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਦੁਪਹਿਰ ਤੱਕ ਧਰਨਾ ਲਾਉਣ ਦੇ ਬਾਵਜੂਦ ਕੋਈ ਹੱਲ ਨਾ ਹੁੰਦਾ ਵੇਖ ਸ਼ਹਿਰ ਦੇ ਜਹਾਜ਼ ਚੌਕ ਵਿਖੇ ਧਰਨਾ ਲਿਆ ਸੀ। ਦੇਰ ਸ਼ਾਮ ਪੁਲੀਸ ਅਧਿਕਾਰੀਆਂ ਦੇ ਦਖ਼ਲ ਨਾਲ ਡਿਪਟੀ ਕਮਿਸ਼ਨਰ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਖਾਨਪੁਰ, ਰਣਬੀਰ ਸਿੰਘ ਡੁੱਗਰੀ, ਸੋਹਣ ਸਿੰਘ ਗਿੱਲ, ਸੁਖਦੇਵ ਸਿੰਘ ਅੱਲੜਪਿੰਡੀ ਅਤੇ ਕੁਲਬੀਰ ਸਿੰਘ ਕਾਹਲੋਂ ਆਧਾਰਤ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਕਰਵਾਈ ਗਈ।
ਜਥੇਬੰਦੀ ਦੇ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਉੱਤੇ ਰੋਕ ਲਾ ਦਿੱਤੀ ਹੈ ਅਤੇ ਜਲਦੀ ਹੀ ਸਮੁੱਚੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ।