ਕੇਪੀ ਸਿੰਘ
ਗੁਰਦਾਸਪੁਰ, 5 ਮਈ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਫ਼ਸਰਸ਼ਾਹੀ ਅਤੇ ਦਰਮਿਆਨੇ ਦਰਜੇ ਦੇ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਿਆ ਤਾਂ ਉਹ ਸਖ਼ਤ ਕਾਰਵਾਈ ਕਰਨਗੇ। ਗੁਰਦਾਸਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਦੇ ਚਾਰ ਸੀਨੀਅਰ ਅਧਿਕਾਰੀਆਂ ਵਿਰੁੱਧ ਭੇਜੇ ਨੋਟਿਸਾਂ ਦੀ ਤਰਜ਼ ‘ਤੇ ਹੋਰਾਂ ਵਿਰੁੱਧ ਵੀ ਵਿਸ਼ੇਸ਼ ਅਧਿਕਾਰ ਨੋਟਿਸ ਵਿਧਾਨ ਸਭਾ ਸਪੀਕਰ ਨੂੰ ਭੇਜੇ ਜਾਣਗੇ, ਜਿਨ੍ਹਾਂ ਅਧਿਕਾਰੀਆਂ ਨੂੰ ਸ੍ਰੀ ਬਾਜਵਾ ਵੱਲੋਂ ਵਿਸ਼ੇਸ਼ ਅਧਿਕਾਰ ਨੋਟਿਸ ਦਾਇਰ ਕੀਤੇ ਗਏ ਹਨ, ਉਨ੍ਹਾਂ ਵਿੱਚ ਧਰਮਿੰਦਰ ਪਾਲ ਸਿੰਘ ਏਡੀਸੀ (ਵਿਕਾਸ), ਸੰਦੀਪ ਮਲਹੋਤਰਾ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (ਡੀਡੀਪੀਓ), ਸੁਖਪਾਲ ਸਿੰਘ, ਐਕਸੀਅਨ, ਪੰਚਾਇਤੀ ਰਾਜ ਅਤੇ ਕਿਰਨਦੀਪ ਕੌਰ, ਬੀਡੀਪੀਓ, ਧਾਰੀਵਾਲ ਸ਼ਾਮਲ ਹਨ। ਦੋ ਵਾਰ ਸੰਸਦ ਮੈਂਬਰ ਰਹੇ ਸ੍ਰੀ ਬਾਜਵਾ ਨੇ ਦੱਸਿਆ ਕਿ ਕਿ ਉਨ੍ਹਾਂ ਕਾਦੀਆਂ ਦੇ ਮੌਜੂਦਾ ਵਿਧਾਇਕ ਵਜੋਂ ਇਨ੍ਹਾਂ ਅਧਿਕਾਰੀਆਂ ਦੀ ਮੀਟਿੰਗ ਸੱਦੀ ਸੀ। ਇਨ੍ਹਾਂ ਅਧਿਕਾਰੀਆਂ ਨੂੰ 28 ਅਪਰੈਲ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਹਲਕੇ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨ ਲਈ 4 ਮਈ ਨੂੰ ਬੀਡੀਪੀਓ ਦਫ਼ਤਰ ਧਾਰੀਵਾਲ ਵਿੱਚ ਮੀਟਿੰਗ ਹੋਵੇਗੀ। ਦੋ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਨ੍ਹਾਂ ਨੂੰ ਕਾਰਵਾਈ ਖ਼ਤਮ ਕਰਨੀ ਪਈ ਕਿਉਂਕਿ ਅਧਿਕਾਰੀ ਆਏ ਹੀ ਨਹੀਂ।