ਕੇ.ਪੀ ਸਿੰਘ
ਗੁਰਦਾਸਪੁਰ, 11 ਸਤੰਬਰ
ਤਿੰਨ ਨੌਜਵਾਨਾਂ ਦੀ ਗ੍ਰਿਫ਼ਤਾਰੀ ਮਗਰੋਂ ਪੁਲੀਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਚੋਰੀ ਦੇ ਕੁਲ 30 ਮੋਟਰਸਾਈਕਲ ਅਤੇ ਇੱਕ ਮੋਪੇਡ ਬਰਾਮਦ ਕੀਤੀ ਹੈ। ਐੱਸਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਦਰ ਪੁਲੀਸ ਸਟੇਸ਼ਨ, ਗੁਰਦਾਸਪੁਰ ਦੀ ਟੀਮ ਨੇ ਲੰਘੇ ਦਿਨੀਂ ਮੋਨੂੰ ਮਸੀਹ ਪੁੱਤਰ ਸਵਿੰਦਰ ਮਸੀਹ ਵਾਸੀ ਸਿਧਵਾਂ ਜਮੀਤਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 12 ਹੋਰ ਮੋਟਰ ਸਾਈਕਲ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਉਸ ਦੇ ਦੋ ਹੋਰ ਸਾਥੀ ਸਨੀ ਪੁੱਤਰ ਕਿਸ਼ਨ ਚੰਦ ਵਾਸੀ ਜੌੜਾ ਛੱਤਰਾਂ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭਾ ਪੁੱਤਰ ਰਾਮ ਸਿੰਘ ਵਾਸੀ ਗੁਰਦਾਸ ਨੰਗਲ ਨੂੰ ਵੀ ਹਿਰਾਸਤ ’ਚ ਲਿਆ ਗਿਆ ਸੀ। ਪੁਲੀਸ ਨੇ ਸਨੀ ਕੋਲੋਂ 8 ਅਤੇ ਲਵਪ੍ਰੀਤ ਕੋਲੋਂ ਵੱਖ-ਵੱਖ ਮਾਰਕਿਆਂ ਦੇ 9 ਮੋਟਰਸਾਈਕਲ ਅਤੇ ਇੱਕ ਮੋਪੇਡ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮੋਨੂੰ ਮਸੀਹ ਖ਼ਿਲਾਫ਼ ਬਟਾਲਾ ਅਤੇ ਧਾਰੀਵਾਲ ਵਿੱਚ ਪਹਿਲਾਂ ਹੀ ਚੋਰੀ ਦੇ ਕੇਸ ਦਰਜ ਹਨ ਅਤੇ ਪਹਿਲਾਂ ਵੀ ਪੁਲੀਸ ਉਸ ਕੋਲੋਂ ਚੋਰੀ ਦੇ 30 ਮੋਟਰਸਾਈਕਲ ਬਰਾਮਦ ਕਰ ਚੁੱਕੀ ਹੈ। ਲਵਪ੍ਰੀਤ ਖ਼ਿਲਾਫ਼ ਵੀ ਬਟਾਲਾ ਵਿੱਚ ਚੋਰੀ ਦਾ ਕੇਸ ਦਰਜ ਹੈ ਅਤੇ ਉਸ ਸਮੇਂ ਉਸ ਕੋਲੋਂ ਚੋਰੀ ਦੇ 15 ਮੋਟਰਸਾਈਕਲ ਬਰਾਮਦ ਹੋਏ ਸਨ।