ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 13 ਦਸੰਬਰ
ਇਥੋਂ ਨੇੜੇ ਪੈਂਦੇ ਪਿੰਡ ਕਲੇਰ ਖੁਰਦ ਵਿੱਚ ਲੰਘੀ 13 ਨਵੰਬਰ ਨੂੰ ਜ਼ਮੀਨੀ ਵਿਵਾਦ ਕਾਰਨ ਇਕ ਧੜੇ ਵਲੋਂ ਵੱਲੋਂ ਚਲਾਈਆਂ ਗੋਲੀਆਂ ਨਾਲ ਦੋ ਸਕੇ ਭਰਾਵਾਂ ਹਰਭਜਨ ਸਿੰਘ (70) ਅਤੇ ਅਮਰੀਕ ਸਿੰਘ (65) ਦੀ ਮੌਕੇ ’ਤੇ ਮੌਤ ਹੋ ਗਈ ਸੀ ਅਤੇ ਹਰਭਜਨ ਸਿੰਘ ਦਾ ਪੁੱਤਰ ਬਲਜੀਤ ਸਿੰਘ (50) ਵੀ ਗੋਲੀ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ| ਜ਼ਖ਼ਮੀ ਹਾਲਤ ’ਚ ਬਲਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਘਟਨਾ ਤੋਂ ਇਕ ਮਹੀਨੇ ਬਾਅਦ ਲੰਘੀ ਰਾਤ ਉਸ ਦੀ ਮੌਤ ਹੋ ਗਈ| ਇਸ ਤਰ੍ਹਾਂ ਇਹ ਗੋਲੀ ਕਾਂਡ ਦੀ ਤੀਜੀ ਮੌਤ ਹੋ ਨਬਿੜੀ ਹੈ।
ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਥਾਣਾ ਸੇਖਵਾਂ ਦੀ ਪੁਲੀਸ ਨੇ ਕਥਿਤ ਦੋਸ਼ੀਆਂ ਵਿਰਸਾ ਸਿੰਘ, ਜੋਗਿੰਦਰ ਸਿੰਘ, ਰੋਬਨਪ੍ਰੀਤ ਸਿੰਘ, ਪਰਮਜੀਤ ਕੌਰ ਅਤੇ ਹਰਪ੍ਰੀਤ ਕੌਰ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੋਇਆ ਹੈ| ਇਕ ਮਹੀਨੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਪੁਲੀਸ ਉਕਤ ਮਾਮਲੇ ਦੇ ਪੰਜ ਕਥਿਤ ਦੋਸ਼ੀਆਂ ਵਿੱਚੋਂ ਵਿਰਸਾ ਸਿੰਘ, ਜੋਗਿੰਦਰ ਸਿੰਘ ਤੇ ਰੋਬਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਸਕੀ ਹੈ ਜਦੋਂਕਿ ਪਰਮਜੀਤ ਕੌਰ ਤੇ ਹਰਪ੍ਰੀਤ ਕੌਰ ਅਜੇ ਤੱਕ ਫ਼ਰਾਰ ਹਨ।