ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਜੂਨ
ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ’ਤੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਪੀਏਪੀ ਚੌਕ ਰੇਲਵੇ ਓਵਰਬ੍ਰਿਜ ’ਤੇ ਵਾਹਨਾਂ ਦੀ ਭੀੜ ਘਟਾਊਣ ਲਈ ਡਿਪਟੀ ਕਮਿਸ਼ਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਕੌਮੀ ਹਾਈਵੇਅ ਅਥਾਰਟੀ ਆਫ ਇੰਡੀਆ ਨੂੰ ਅੱਠ ਮਾਰਗੀ ਸੜਕ ਬਣਾਉਣ ਦੀ ਸਿਧਾਂਤਕ ਪ੍ਰਵਾਨਗੀ ਦਿੱਤੀ। ਦੋਵਾਂ ਅਧਿਕਾਰੀਆਂ ਵੱਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿੱਚ ਕੌਮੀ ਹਾਈਵੇਅ ਅਥਾਰਟੀ ਭਾਰਤ ਦੇ ਅਫ਼ਸਰਾਂ ਨਾਲ ਰੇਲਵੇ ਓਵਰਬ੍ਰਿਜ ਨਾਲ ਚਾਰ ਵਾਧੂ ਸੜਕਾਂ ਬਣਾਉਣ ਸਬੰਧੀ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਰੇਲਵੇ ਓਵਰਬ੍ਰਿਜ ਨੂੰ ਚੌੜਾ ਕਰਨ ਸਬੰਧੀ ਪ੍ਰਾਜੈਕਟ ਰਿਪੋਰਟ ਪਹਿਲਾਂ ਹੀ ਕੌਮੀ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਰੇਲਵੇ ਮੰਤਰਾਲੇ ਨੂੰ ਸੌਂਪੀ ਜਾ ਚੁੱਕੀ ਹੈ ਅਤੇ ਰੇਲਵੇ ਵਿਭਾਗ ਦੀ ਟੀਮ ਵੱਲੋਂ ਹਾਲ ਹੀ ਵਿੱਚ ਜਗ੍ਹਾ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮਾਂਮੰਡੀ ਫਲਾਈਓਵਰ ਅਤੇ ਪੀਏਪੀ ਚੌਕ ਨਾਲ ਰੇਲਵੇ ਓਵਰਬ੍ਰਿਜ ਨੂੰ ਚੌੜਾ ਕਰਨ ਨਾਲ ਆਵਾਜਾਈ ਨੂੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਪੀਏਪੀ ਚੌਕ ਅਤੇ ਰਾਮਾਮੰਡੀ ਚੌਕ ਵਿੱਚ ਦੋ ਗੋਲ ਚੱਕਰ ਟਰੈਫਿਕ ਲਾਈਟ ਦੀ ਵਿਵਸਥਾ ਨਾਲ ਬਣਾਏ ਜਾਣਗੇ। ਉਨ੍ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿਭਾਗ ਨੂੰ ਕਿਹਾ ਕਿ ਕੁਝ ਇਲੈਕਟ੍ਰਿਕ ਟਰਾਂਸਮਿਸ਼ਨ ਲਾਈਨਾਂ ਨੂੰ ਤੇਜ਼ੀ ਨਾਲ ਤਬਦੀਲ ਕਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨਾਲ ਸਹਿਯੋਗ ਕੀਤਾ ਜਾਵੇ।