ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 4 ਜੂਨ
ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸਾਂਝੀ ਮੀਟਿੰਗ ਪਿੰਡ ਸਰਸਪੁਰ ਵਿੱਚ ਕਸ਼ਮੀਰ ਮਸੀਹ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਿੰਡ ਦੇ ਦਲਿਤ ਮਜ਼ਦੂਰ ਪਰਿਵਾਰਾਂ ਨੇ ਦੱਸਿਆ ਕਿ ਪਿੰਡ ਵਿੱਚ ਬਹੁਤ ਸਾਰੇ ਪਰਿਵਾਰਾਂ ਦੇ ਮਨਰੇਗਾ ਦੇ ਜੌਬ ਕਾਰਡ ਬਣੇ ਹਨ, ਪਰ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ। ਪੇਂਡੂ ਮਜ਼ਦੂਰ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰਮੱਲ ਨੇ ਦੱਸਿਆ ਕਿ ਮਨਰੇਗਾ ਕਾਨੂੰਨ ਹੇਠ ਵਰਕਰਾਂ ਨੂੰ ਸੌ ਦਿਨ ਕੰਮ ਦੇਣ ਦੀ ਗਾਰੰਟੀ ਤੋਂ ਸਰਕਾਰ ਦੌੜ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ’ਚ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਉਨ੍ਹਾਂ ਨੇ ਕਾਮਰੇਡ ਅਮਰੀਕ ਸਿੰਘ ਪਨਿਆੜ ਦੇ ਸ਼ਹੀਦੀ ਦਿਹਾੜੇ ਤੇ 9 ਜੂਨ ਨੂੰ ਹੋ ਰਹੀ ਸਿਆਸੀ ਕਾਨਫਰੰਸ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੀ 21 ਮੈਂਬਰੀ ਕਮੇਟੀ ਦੀ ਨਵੀਂ ਚੋਣ ਕੀਤੀ ਗਈ, ਜਿਸ ਦੀ ਪ੍ਰਧਾਨ ਜੀਤੋ, ਮੀਤ ਪ੍ਰਧਾਨ ਰਾਜ, ਕੈਸ਼ੀਅਰ ਅੰਬੀ, ਸੈਕਟਰੀ ਰੀਟਾ, ਕਸ਼ਮੀਰ ਮਸੀਹ ਸਲਾਹਕਾਰ, ਕੇਵਲ ਮਸੀਹ ਨੂੰ ਪ੍ਰੈੱਸ ਸਕੱਤਰ ਅਤੇ ਬਾਕੀ ਮੈਂਬਰ ਵੀ ਹਾਜ਼ਰ ਸਨ।