ਦਲਬੀਰ ਸੱਖੋਵਾਲੀਆ
ਬਟਾਲਾ, 16 ਮਾਰਚ
ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਨਅਤੀ ਨਗਰ ਬਟਾਲਾ ਸਮੇਤ ਸੂਬੇ ਦੇ 1 ਲੱਖ ਤੋਂ ਵੱਧ ਆਬਾਦੀ ਵਾਲੇ 16 ਵੱਡੇ ਸ਼ਹਿਰਾਂ ਵਿੱਚ ਰਹਿੰਦ-ਖੂੰਹਦ ਦਾ ਹੁਣ ਬਾਇਓ-ਪ੍ਰਬੰਧਨ ਕੀਤਾ ਜਾਵੇਗਾ। ਇਸ ਮੰਤਵ ਲਈ ਪੰਜਾਬ ਸਰਕਾਰ ਨੇ 475.06 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਹੋਰਾਂ ਸ਼ਹਿਰਾਂ ਦੇ ਨਾਮ ਗਿਣਾਉਂਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਬਟਾਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਮੁਹਾਲੀ, ਮੋਗਾ, ਪਟਿਆਲਾ, ਖੰਨਾ, ਹੁਸ਼ਿਆਰਪੁਰ, ਮਾਲੇਰਕੋਟਲਾ, ਅਬੋਹਰ, ਪਠਾਨਕੋਟ, ਬਰਨਾਲਾ, ਮੁਕਤਸਰ ਅਤੇ ਫਿਰੋਜ਼ਪੁਰ ਮਿਉਂਸਿਪਲ ਸ਼ਹਿਰਾਂ ਨੂੰ ਕਵਰ ਕੀਤਾ ਗਿਆ ਹੈ। ਇਨ੍ਹਾਂ 16 ਸ਼ਹਿਰਾਂ ਵਿੱਚ ਤਕਰੀਬਨ 55.92 ਲੱਖ ਮੀਟਰਿਕ ਟਨ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਪ੍ਰਵਾਨ ਕੀਤੀ ਗਈ ਡੀਪੀਆਰ ਤਹਿਤ ਰਹਿੰਦ-ਖੂੰਹਦ ਦਾ ਨਿਪਟਾਰਾ 800 ਤੋਂ 885 ਰੁਪਏ ਪ੍ਰਤੀ ਮੀਟਰਿਕ ਟਨ ਦੀ ਲਾਗਤ ਨਾਲ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਸੂਬਾ ਇੱਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਲਈ ਸੰਪੂਰਨ ਮਲ ਪ੍ਰਬੰਧਨ (ਸਲੱਜ ਮੈਨੇਜਮੈਂਟ) ਅਤੇ ਵੇਸਟ ਵਾਟਰ ਮੈਨੇਜਮੈਂਟ (ਡਬਲਯੂਡਬਲਯੂਐੱਮ) ਕਰੇਗਾ।