ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 12 ਮਈ
ਪਿੰਡ ਮੱਲੂ ਨੰਗਲ ਵਿੱਚ ਬੀਤੇ ਸਾਲ ਤੋਂ ਲਾਭਪਾਤਰੀਆਂ ਨੂੰ ਕਣਕ ਨਾ ਮਿਲਣ ਕਾਰਨ ਅੱਜ ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅੱਜ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਪੁਤਲਾ ਫੂਕਿਆ ਗਿਆ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਹਿਬ ਸਿੰਘ, ਕਿਸਾਨ ਆਗੂ ਬੇਅੰਤ ਸਿੰਘ ਮਲੂਨੰਗਲ ਅਤੇ ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਮਲੂਨੰਗਲ ਦੀ ਅਗਵਾਈ ਵਿੱਚ ਖੁਰਾਕ ਸਪਲਾਈ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜੋ ਮੁਫਤ ਕਣਕ ਗਰੀਬਾਂ ਨੂੰ ਦਿੱਤੀ ਜਾਂਦੀ ਹੈ, ਉੱਹ ਪਿੰਡ ਮੱਲੂ ਨੰਗਲ ਦੇ ਲਾਭਪਾਤਰੀਆਂ ਨੂੰ ਪਿਛਲੇ ਸਾਲ ਤੋਂ ਨਹੀਂ ਮਿਲ ਰਹੀ। ਇੱਸ ਸਬੰਧੀ ਉਹ ਕਈ ਵਾਰੀ ਡੀਐੱਫਐੱਸਓ ਨੂੰ ਵੀ ਮਿਲ ਚੁੱਕੇ ਹਨ। ਇਸ ਮੌਕੇ ਫੈਸਲਾ ਕੀਤਾ ਹੈ ਕਿ 16 ਮਈ ਨੂੰ ਤਹਿਸੀਲ ਅਜਨਾਲਾ ਦੇ ਖੁਰਾਕ ਸਪਲਾਈ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਮਸਲੇ ਦਾ ਹੱਲ ਨਾ ਹੋਇਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜਿ਼ੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਸਪਾਲ ਸਿੰਘ, ਸਾਹਿਬ ਸਿੰਘ, ਸੰਤੋਖ ਸਿੰਘ, ਅੰਮਿਤਪਾਲ ਸਿੰਘ, ਬੇਅੰਤ ਸਿੰਘ, ਕੇਵਲ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਦਲਬੀਰ ਸਿੰਘ, ਗੁਰਜੀਤ ਸਿੰਘ, ਗੁਰਜੋਤ ਸਿੰਘ ਹਾਜ਼ਰ ਸਨ।