ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਗਸਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਉਸਾਰੀ ਅਤੇ ਹੋਰ ਕੰਮਾਂ ਵਿਚ ਸ਼ਿਕਾਇਤਾਂ ਦੇ ਨਿਪਟਾਰੇ ਲਈ ਬਣੀ ਜਾਂਚ ਕਮੇਟੀ ਨੇ ਜਾਂਚ ਦੌਰਾਨ ਕੰਮ ਰੋਕਣ ਸਬੰਧੀ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਹੈ। ਇਸ ਸਬੰਧ ਵਿਚ ਇਕ ਸ਼ਿਕਾਇਤ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਭੇਜੀ ਗਈ ਹੈ।
ਵੱਖ-ਵੱਖ ਮਾਮਲਿਆਂ ਵਿਚ ਜਾਂਚ ਲਈ ਬਣਾਈ ਇਸ ਕਮੇਟੀ ਵਿਚ ਚਮਨ ਲਾਲ, ਸੁਖਦੇਵ ਲਾਲ ਸੂਰੀ, ਰਮੇਸ਼ ਆਹਲੂਵਾਲੀਆ ਆਦਿ ਸ਼ਾਮਲ ਹਨ। ਇਨ੍ਹਾਂ ਵਲੋਂ ਕੀਤੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਸਿੰਡੀਕੇਟ ਦੀ ਸਹਿਮਤੀ ਨਾਲ ਵੱਖ-ਵੱਖ ਮਾਮਲਿਆਂ ਦੀ ਜਾਂਚ ਲਈ ਇਹ ਕਮੇਟੀ ਬਣਾਈ ਗਈ ਹੈ। ਇਹ ਕਮੇਟੀ ਯੂਨੀਵਰਸਿਟੀ ਦੇ ਉਸਾਰੀ ਵਿਭਾਗ ਦੀ ਇਲੈਕਟ੍ਰੀਕਲ ਡਿਵੀਜ਼ਨ ਵਿਚ ਹੇਰਾ-ਫੇਰੀ ਦੀ ਆਈ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਇਸ ਵਿਭਾਗ ਵਿਚ ਵੱਡੇ ਪੱਧਰ ’ਤੇ ਘਪਲੇ ਦੀ ਸ਼ਿਕਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਹ ਜਾਂਚ ਕਮੇਟੀ ਫਰਵਰੀ ਮਹੀਨੇ ਵਿਚ ਬਣਾਈ ਗਈ ਸੀ। ਜਾਂਚ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਜਾਂਚ ਪਾਰਦਰਸ਼ੀ ਤਰੀਕੇ ਨਾਲ ਕਰ ਰਹੇ ਹਨ ਪਰ ਜਾਂਚ ਦੌਰਾਨ ਉਨ੍ਹਾਂ ਨੂੰ ਕੰਮ ਬੰਦ ਕਰਨ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨਾਲ ਸੰਪਰਕ ਨਹੀਂ ਹੋ ਸਕਿਆ।