ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 1 ਫਰਵਰੀ
ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜਾਗੋਵਾਲ ਬਾਂਗਰ ਵਿੱਚ ਬੀਤੇ ਦਿਨ ਨਵ-ਵਿਆਹੁਤਾ ਲੜਕੀ ਦੀ ਸਹੁਰਾ ਪਰਿਵਾਰ ਨਾਲ ਹੋਈ ਨੋਕ-ਝੋਕ ਗੰਭੀਰ ਖ਼ੂਨੀ ਟਕਰਾਅ ਵਿੱਚ ਬਦਲ ਗਈ। ਪੀੜਤ ਪਰਿਵਾਰ ਦੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਮਨਪ੍ਰੀਤ ਕੌਰ ਦਾ ਸਹੁਰੇ ਕਰਨੈਲ ਸਿੰਘ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ। ਇਸ ਤੋਂ ਬਾਅਦ ਉਹ ਆਪਣੇ ਮਾਂ-ਪਿਓ ਵਾਸੀ ਨਾਨੋਵਾਲ ਖ਼ੁਰਦ ਅਤੇ ਕੁੱਝ ਹੋਰ ਅਣਪਛਾਤੇ ਲੋਕਾਂ ਨਾਲ ਘਰ ਅੰਦਰ ਦਾਖ਼ਲ ਹੋਈ ਅਤੇ ਉਸ ਦੇ ਸਹੁਰੇ ਤੇ ਸੱਸ ’ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜਦੋਂ ਥਾਣਾ ਕਾਹਨੂੰਵਾਨ ਦੀ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਮੁਲਾਜ਼ਮਾਂ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਸਿਹਤ ਅਮਲੇ ਨੇ ਕਰਨੈਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਗੁਰਦਾਸਪੁਰ ਲਈ ਰੈਫ਼ਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਰਨੈਲ ਸਿੰਘ ਕੋਮਾ ਦੀ ਹਾਲਤ ਵਿੱਚ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹੈ। ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਸਬੰਧੀ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਪੀੜਤਾਂ ਦੀ ਹਾਲਤ ਗੰਭੀਰ ਹੋਣ ਕਾਰਨ ਬਿਆਨ ਦਰਜ ਨਹੀਂ ਹੋ ਸਕੇ।