ਪੱਤਰ ਪ੍ਰੇਰਕ
ਭਿੱਖੀਵਿੰਡ, 17 ਜੁਲਾਈ
ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਬਲਾਕ ਭਿੱਖੀਵਿੰਡ ਦੇ ਪਿੰਡ ਘੁਰਕਵਿੰਡ ਦੇ 14 ਸਾਲਾ ਨੌਜਵਾਨ ਸੁਖਚੈਨ ਸਿੰਘ ਯੰਗ ਸਟਾਰ ਕ੍ਰਿਕਟ ਲੀਗ ਲਈ ਚੋਣ ਕੀਤੀ ਗਈ ਹੈ ਇਹ ਨੌਜਵਾਨ ਉਤਰਾਖੰਡ ਦੀ ਟੀਮ ਲਈ ਖੇਡੇਗਾ ਜਿਸ ਨੂੰ ਲੈਕੇ ਪੂਰੇ ਪਰਿਵਾਰ ਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਤੇ ਪਰਿਵਾਰ ਵਲੋਂ ਮਠਿਆਈ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਸਬੰਧੀ ਸੁਖਚੈਨ ਸਿੰਘ ਨੇ ਦੱਸਿਆ ਉਹ ਵਰਿੰਦਰ ਸਹਿਵਾਗ ਦੀ ਸਪੋਰਟਸ ਅਕੈਡਮੀ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਕੋਚਿੰਗ ਲੈ ਰਿਹਾ ਉਸਦੀ ਮੁੱਢਲੀ ਪੜਾਈ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਸੈਨਿਕ ਸਕੂਲ ਵਿੱਚ ਹੋਈ ਹੈ ਅਤੇ ਉਸਨੂੰ ਕ੍ਰਿਕਟ ਨਾਲ ਸ਼ੁਰੂ ਤੋਂ ਲਗਾਓ ਸੀ। ਉਸਨੇ ਦੱਸਿਆ ਕਿ ਯੰਗ ਸਟਾਰ ਲੀਗ ਲਈ ਉਸਦੀ ਚੋਣ 15 ਜੁਲਾਈ ਨੂੰ ਦਿੱਲੀ ਵਿੱਚ ਹੋਈ। ਉਨ੍ਹਾਂ ਕਿਹਾ ਕਿ ਇਸ ਲੀਗ ਵਿਚ 16 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਸ ਪੂਰੇ ਦੇਸ਼ ਵਿਚੋਂ 192 ਖਿਡਾਰੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਵਿਚੋਂ ਉਹ ਵੀ ਇੱਕ ਹੈ। ਇਸ ਮੌਕੇ ਸੁਖਚੈਨ ਸਿੰਘ ਪਿਤਾ ਗਗਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਆਪਣੇ ਲੜਕੇ ਨੂੰ ਕ੍ਰਿਕਟ ਦੀ ਕੋਚਿੰਗ ਦਿਵਾਉਣ ਲਈ ਕਾਫੀ ਪੈਸਾ ਖਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦੇ ਕ੍ਰਿਕਟ ਦੇ ਸ਼ੌਂਕ ਨੂੰ ਦੇਖਦੇ ਹੋਏ ਉਨ੍ਹਾਂ ਵਲੋਂ ਇਸਨੂੰ ਵਰਿੰਦਰ ਸਹਿਵਾਗ ਦੀ ਹਰਿਆਣਾ ਦੇ ਝੱਜਰ ਵਿੱਚ ਸਪੋਰਟਸ ਅਕੈਡਮੀ ਵਿੱਚ ਪਾਇਆ ਗਿਆ।