ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 4 ਜੂਨ
ਜੂਨ-1984 ਦੇ ਘੱਲੂਘਾਰੇ ਨੂੰ ਸਮਰਪਿਤ ਚੱਲ ਰਹੇ ‘ਘੱਲੂਘਾਰਾ ਹਫ਼ਤੇ’ ਦੇ ਸਬੰਧ ਵਿੱਚ ਡੀਐਸਪੀ ਦਿਹਾਤੀ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਧਾਰੀਵਾਲ ਦੇ ਮੁਖੀ ਅਮਨਦੀਪ ਸਿੰਘ ਰੰਧਾਵਾ ਦੀ ਨਿਗਰਾਨੀ ਹੇਠ ਐਟੀਸੈਬੋਟੇਜ ਟੀਮ ਅਤੇ ਡਾਗ ਸਕੁਐਡ ਟੀਮ ਵੱਲੋਂ ਸ਼ਹਿਰ ਵਿੱਚ ਸ਼ਿਵ ਸ਼ੈਨਾ (ਬਾਲ ਠਾਕਰੇ) ਯੂਥਵਿੰਗ ਦੇ ਪੰਜਾਬ ਪ੍ਰਧਾਨ ਹਨੀ ਮਹਾਜਨ ਦੀ ਰਿਹਾਇਸ਼ ਅਤੇ ਬੇਬੇ ਨਾਨਕੀ ਗੁਰਦੁਆਰਾ ਸਾਹਿਬ ਸਣੇ ਹੋਰ ਵੱਖ-ਵੱਖ ਥਾਵਾਂ ’ਤੇ ਚਲਾਏ ਸਰਚ ਅਭਿਆਨ ਤਹਿਤ ਚੈਕਿੰਗ ਕੀਤੀ ਗਈ।
ਇਸ ਮੌਕੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਰਚ ਅਭਿਆਨ ਵਿੱਚ ਉਨ੍ਹਾਂ ਦੇ ਨਾਲ ਗੁਰਦਾਸਪੁਰ ਤੋਂ ਆਈ ਐਂਟੀਸੈਬੋਟੇਜ ਟੀਮ ਦੇ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਸਣੇ ਸਮੁੱਚੀ ਟੀਮ ਵੱਲੋਂ ਚਲਾਏ ਇਸ ਸਰਚ ਅਭਿਆਨ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚੱਲ ਰਹੇ ਘੱਲੂਘਾਰਾ ਹਫ਼ਤੇ ਨੂੰ ਲੈ ਕੇ ਸ਼ਹਿਰ ਅੰਦਰ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ ਅਤੇ ਥਾਣਾ ਧਾਰੀਵਾਲ ਅਧੀਨ ਪੈਂਦੇ ਇਲਾਕੇ ਅੰਦਰ ਚੌਂਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਕੋਈ ਸ਼ੱਕੀ ਵਿਆਕਤੀ ਜਾਂ ਸ਼ੱਕੀ ਚੀਜ ਦਿਖਾਈ ਦੇਵੇ ਤਾਂ ਤਰੁੰਤ ਪੁਲੀਸ ਨੂੰ ਸੂਚਨਾ ਦਿੱਤੀ ਜਾਵੇ।
ਤਰਨ ਤਾਰਨ (ਪੱਤਰ ਪ੍ਰੇਰਕ): ਘਲੂਘਾਰਾ ਹਫ਼ਤੇ ਦੌਰਾਨ ਜ਼ਿਲ੍ਹੇ ਵਿਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕਰਨ ਅਤੇ ਸ਼ਰਾਰਤੀ ਤੱਤਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਪੁਲੀਸ ਨੇ ਜ਼ਿਲ੍ਹੇ ਅੰਦਰ ਸੰਵੇਦਨਸ਼ੀਲ ਥਾਵਾਂ ’ਤੇ ਦੋ ਘੰਟਿਆਂ ਲਈ ਨਾਕਾਬੰਦੀ ਕੀਤੀ| ਇਨ੍ਹਾਂ ਨਾਕਿਆਂ ਦੀ ਐਸਪੀ ਤੇ ਡੀਐਸਪੀ ਪੱਧਰ ਦੇ ਅਧਿਕਾਰੀਆਂ ਵੱਲੋਂ ਅਗਵਾਈ ਕੀਤੀ ਗਈ| ਐਸਐਸਪੀ ਧਰੁਮਨ ਐਚ ਨਿੰਬਾਲੇ ਨੇ ਖੁ਼ਦ ਨਾਕਿਆਂ ’ਤੇ ਜਾ ਕੇ ਨਿਰੀਖਣ ਕਰ ਕੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ| ਤਰਨ ਤਾਰਨ ਤੋਂ ਇਲਾਵਾ ਝਬਾਲ, ਖਾਲੜਾ, ਸਰਾਏ ਅਮਾਨਤ ਖਾਂ, ਖੇਮਕਰਨ, ਹਰੀਕੇ, ਸਰਹਾਲੀ ਤੇ ਬਾਲਾਚੱਕ ਆਦਿ ਥਾਵਾਂ ’ਤੇ ਲਗਾਏ ਨਾਕਿਆਂ ਦੌਰਾਨ ਪੁਲੀਸ ਨੇ ਸ਼ੱਕੀ ਵਿਅਕਤੀਆਂ, ਵਾਹਨਾਂ ਆਦਿ ਦੀ ਚੈਕਿੰਗ ਕੀਤੀ।
ਜਲੰਧਰ ਵਿਚ 1400 ਪੁਲੀਸ ਮੁਲਾਜ਼ਮ ਤਾਇਨਾਤ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਾਕਾ ਨੀਲਾ ਤਾਰਾ ਦੀ 37ਵੀਂ ਯਾਦ ਵਿਚ ਹੋਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲੀਸ ਨੇ 1400 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ। ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 1400 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਪੂਰੀ ਸਥਿਤੀ ’ਤੇ ਬਾਰੀਕੀ ਨਾਲ ਨਿਗ੍ਹਾ ਰੱਖਣ ਲਈ ਭਾਰੀ ਸੁਰੱਖਿਆ ਬਲਾਂ ਨੁੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਪਹਿਲਾਂ ਹੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਕਮਿਸ਼ਨਰੇਟ ਪੁਲੀਸ ਦੇ ਸਾਰੇ ਅਫ਼ਸਰਾਂ ਨੂੰ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲੀਸ ਨੇ ਇਹ ਅਗਾਊਂ ਪ੍ਰਬੰਧ ਕੀਤੇ ਹਨ।