ਤਰਨ ਤਾਰਨ: ਇਥੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਵੱਲੋਂ ਮੀਟਿੰਗ ਕਰ ਕੇ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੇ ਆਗੂ ਰਾਮ ਸਿੰਘ ਮਿੱਡਾ, ਜ਼ੋਨ ਇੰਚਾਰਜ ਅੰਮ੍ਰਿਤਸਰ ਨੇ ਸੰਬੋਧਨ ਕਰਦਿਆਂ ਪਿਛਲੇ ਦਿਨੀਂ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ’ਤੇ ਫਰੀਡਮ ਫਾਈਟਰ ਪਰਿਵਾਰ ਦੀ ਧੱਕੇ ਨਾਲ ਪਰਚੀ ਕੱਟਣ ਦੀ ਨਿਖੇਧੀ ਕੀਤੀ। ਉਨ੍ਹਾਂ ਫਰੀਡਮ ਫਾਈਟਰ ਪਰਿਵਾਰਾਂ ਨੂੰ ਬਿਜਲੀ ਦੇ 300 ਯੂਨਿਟ ਮੁਫ਼ਤ ਕਰਨ ਅਤੇ ਕਿਲੋਵਾਟ ਲੋਡ ਦੀ ਸ਼ਰਤ ਖਤਮ ਕੀਤੇ ਜਾਣ ਦੀ ਮੰਗ ਕੀਤੀ ਹੈ। ਪਰਿਵਾਰਾਂ ਵੱਲੋਂ ਦੇਸ਼ ਭਗਤਾਂ ਦੇ ਸਰਟੀਫਿਕੇਟ ਅਤੇ ਸਨਾਖਤੀ ਕਾਰਡ ਬਣਾਉਣ ਵਿੱਚ ਹੋ ਰਹੀ ਦੇਰੀ ਦੇ ਸਬੰਧ ਵਿੱਚ 22 ਜੂਨ ਨੂੰ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਫ਼ੈਸਲਾ ਕੀਤਾ। -ਪੱਤਰ ਪ੍ਰੇਰਕ