ਨਿਜੀ ਪੱਤਰ ਪ੍ਰੇਰਕ
ਬਲਾਚੌਰ, 19 ਅਕਤੂਬਰ
ਥਾਣਾ ਸ਼ਹਿਰੀ ਪੁਲੀਸ ਨੇ ਦੋ ਮਾਮਲਿਆਂ ਵਿੱਚ ਭਗੌੜੇ ਗੈਂਗਸਟਰ ਪਵਨ ਉਰਫ ਮਟਰ ਪੁੱਤਰ ਕਾਲਾ ਵਾਸੀ ਉੱਪਲ ਥਾਣਾ ਨੂਰਮਹਿਲ ਅਤੇ ਉਸ ਨੂੰ ਪਨਾਹ ਦੇਣ ਵਾਲੇ ਮੋਹਿਤ ਉਰਫ ਮੌਂਟੀ ਪੁੱਤਰ ਕੇਵਲ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਹੈ। ਐਸਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਸਿਟੀ ਪੁਲੀਸ ਦੀ ਟੀਮ ਕੰਗਣਾ ਪੁਲ ’ਤੇ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਵਨ ਉਰਫ ਮਟਰ ਜਿਸ ਖਿਲਾਫ ਥਾਣਾ ਨੂਰਮਹਿਲ ਅਤੇ ਨਕੋਦਰ ਵਿੱਚ 13 ਕੇਸ ਦਰਜ ਹਨ ਅਤੇ ਕਈ ਕੇਸਾਂ ਵਿੱਚ ਅਦਾਲਤ ਨੇ ਉਸ ਨੂੰ ਭਗੌੜਾ ਐਲਾਨਿਆ ਹੋਇਆ ਨੂੰ ਮੋਹਿਤ ਉਰਫ ਮੌਂਟੀ ਨੇ ਪਨਾਹ ਦਿੱਤੀ ਹੋਈ ਹੈ। ਮੋਹਿਤ ਉਕਤ ਗੈਂਗਸਟਰ ਨੂੰ ਲੈ ਕੇ ਆਪਣੀ ਕਾਰ ਵਿਚ ਬਲਾਚੌਰ ਏਰੀਏ ਵਿੱਚ ਘੁੰਮ ਰਿਹਾ ਹੈ। ਇਸ ਸੂਚਨਾ ’ਤੇ ਪੁਲੀਸ ਨੇ ਨਵਾਂ ਬੱਸ ਅੱਡਾ ਬਲਾਚੌਰ ਵਿਖੇ ਨਾਕਾ ਲਾਇਆ ਤੇ ਇਕ ਵਰਨਾ ਕਾਰ ਨੂੰ ਰੋਕਿਆ। ਚੈੱਕ ਕਰਨ ’ਤੇ ਉਸ ਕਾਰ ਵਿੱਚ ਬੈਠੇ ਵਿਅਕਤੀਆਂ ਦੀ ਪਛਾਣ ਮੋਹਿਤ ਉਰਫ ਮੌਂਟੀ ਅਤੇ ਪਵਨ ਉਰਫ ਮਟਰ ਵਜੋਂ ਹੋਈ ਜਿਨ੍ਹਾਂ ਨੂੰ ਪੁਲੀਸ ਨੇ ਤੁਰਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।