ਦਿਲਬਾਗ ਸਿੰਘ ਗਿੱਲ
ਅਟਾਰੀ, 31 ਅਗਸਤ
ਅੰਮ੍ਰਿਤਸਰ-ਅਟਾਰੀ ਰੇਲ ਮਾਰਗ ਤੇ ਸਥਿਤ ਖਾਸਾ ਰੇਲਵੇ ਸਟੇਸ਼ਨ ਤੋਂ ਅੱਜ ਮਾਲ ਦੀ ਢੋਆ-ਢੁਆਈ ਦਾ ਕੰਮ ਸ਼ੁਰੂ ਹੋਇਆ। ਛੇਹਰਟਾ ਵਿੱਚ ਵਾਸ਼ਿੰਗ ਲਾਈਨ ਬਣਨ ਉਪਰੰਤ ਮਾਲ ਦੀ ਢੋਆ-ਢੁਆਈ ਦਾ ਕੰਮ ਖਾਸਾ ਵਿੱਚ ਤਬਦੀਲ ਕੀਤਾ ਗਿਆ ਹੈ। ਮਾਲ ਦੀ ਢੋਆ-ਢੁਆਈ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਖਾਸਾ ਵਿੱਚ ਦੋ ਨਵੇਂ ਟਰੈਕ ਬਣਾਏ ਗਏ ਹਨ ਜਦੋਂ ਕਿ ਇਸ ਤੋਂ ਪਹਿਲਾਂ ਵੀ ਇੱਥੇ ਦੋ ਰੇਲਵੇ ਟਰੈਕ ਸਨ। ਰੇਲਵੇ ਸਟੇਸ਼ਨ ਦੀ ਪੁਰਾਣੀ ਇਮਾਰਤ ਨੂੰ ਹਟਾ ਕੇ ਨਵੀਂ ਇਮਾਰਤ ਬਣਾਈ ਗਈ ਹੈ। ਅੰਮ੍ਰਿਤਸਰ ਤੇ ਛੇਹਰਟਾ ਦੇ ਮਾਲ ਦੀ ਢੋਆ-ਢੁਆਈ ਖਾਸਾ ਰੇਲਵੇ ਸਟੇਸ਼ਨ ਵਿੱਚ ਹੋਵੇਗੀ। ਮਾਲ ਦੀ ਢੋਆ-ਢੁਆਈ ਸ਼ੁਰੂ ਹੋਣ ਨਾਲ ਖਾਸਾ ਰੇਲਵੇ ਸਟੇਸ਼ਨ ਨੂੰ 15 ਤੋਂ 25 ਕਰੋੜ ਤੱਕ ਦਾ ਮਾਲੀਆ ਇਕੱਠਾ ਹੋਣ ਦੀ ਆਸ ਹੈ। ਸਟੇਸ਼ਨ ਵਿੱਚ ਪੈਨਲ ਰੂਮ ਵਿੱਚ ਟਿਕਟ ਖਿੜਕੀ ਬਣਾਈ ਗਈ ਹੈ ਅਤੇ ਨਾਲ ਹੀ ਸਿਗ਼ਨਲ ਤੇ ਟੈਲੀਕਾਮ ਰੂਮ ਵੀ ਬਣਾਇਆ ਗਿਆ ਹੈ। ਸਟੇਸ਼ਨ ਮਾਸਟਰ ਦਾ ਦਫ਼ਤਰ ਨਵੀਂ ਇਮਾਰਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਉਪਰੰਤ ਰੇਲਵੇ ਸਟੇਸ਼ਨ ਦੀ ਵਿਰਾਸਤੀ ਇਮਾਰਤ ਢਾਹ ਦਿੱਤੀ ਗਈ ਹੈ। ਮਾਲ ਦੀ ਢੋਆ-ਢੁਆਈ ਲਈ ਨਵੀਂ ਰੇਲਵੇ ਲਾਈਨ ਦੇ ਨਾਲ 15 ਮੀਟਰ ਖੁੱਲ੍ਹੀ ਥਾਂ ਛੱਡੀ ਗਈ ਹੈ ਜਿੱਥੇ ਵੈਗਨਾਂ ਵਿੱਚ ਮਾਲ ਦੀ ਢੋਆ-ਢੁਆਈ ਦਾ ਕੰਮ ਸ਼ੁਰੂ ਹੋਇਆ। ਇੱਥੇ ਨਵੇਂ ਪਲੇਟਫਾਰਮ ਦੀ ਹੱਦਬੰਦੀ ਲਈ ਦੀਵਾਰ ਬਣਾਈ ਗਈ ਹੈ। ਵਪਾਰੀਆਂ ਅਤੇ ਮਜ਼ਦੂਰਾਂ ਲਈ ਆਰਾਮ ਘਰ ਵੀ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਖਾਸਾ ਵਿੱਚ ਮਾਲ ਦੀ ਢੋਆ-ਢੁਆਈ ਦਾ ਕੰਮ ਜੂਨ 2020 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਪਰ ਕਰੋਨਾ ਦੇ ਡਰ ਕਾਰਨ ਲਗਾਏ ਗਏ ਲੌਕਡਾਉੂਨ ਕਰਕੇ ਕੰਮ ਬੰਦ ਕਰ ਦਿੱਤਾ ਗਿਆ ਸੀ।