ਗੁਰਬਖ਼ਸ਼ਪੁਰੀ
ਤਰਨ ਤਾਰਨ, 19 ਨਵੰਬਰ
ਸੀਆਈਏ ਸਟਾਫ਼ ਪੱਟੀ ਦੇ ਇੰਚਾਰਜ ਸਬ ਇੰਸਪੈਕਟਰ ਸੁਖਰਾਜ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇਥੋਂ ਦੇ ਗੋਇੰਦਵਾਲ ਸਾਹਿਬ ਬਾਈਪਾਸ ਤੋਂ ਭੋਲੇ ਭਾਲੇ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਠੱਗੀਆਂ ਮਾਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ| ਗਰੋਹ ਵਿੱਚ ਇਕ ਔਰਤ ਵੀ ਸ਼ਾਮਲ ਹੈ| ਮੁਲਜ਼ਮਾਂ ਕੋਲੋਂ ਭਾਰਤ ਸਰਕਾਰ ਵਲੋਂ ਬੰਦ ਕੀਤੀ 1.45 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ ਇਕ ਜਾਅਲੀ ਨੰਬਰ ਵਾਲੀ ਸਵਿਫਟ ਕਾਰ ਕਬਜ਼ੇ ਵਿਚ ਕੀਤੀ ਗਈ ਹੈ| ਮੁਲਜ਼ਮਾਂ ਨੇ ਕਾਰ ਤੇ ਜਾਅਲੀ ਪੀਬੀ-29, ਏਡੀ-3156 ਨੰਬਰ ਲਿਖਿਆ ਹੋਇਆ ਸੀ| ਪੁਲੀਸ ਅਧਿਕਾਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿੱਚ ਸੁਖਵਿੰਦਰ ਕੌਰ ਵਾਸੀ ਖਵਾਸਪੁਰ, ਹਰਵਿੰਦਰ ਸਿੰਘ ਵਾਸੀ ਮਥਰੇਵਾਲ ਅਤੇ ਰਾਜਬੀਰ ਸਿੰਘ ਫੌਜੀ ਵਾਸੀ ਦੀਨੇਵਾਲ ਦਾ ਨਾਮ ਸ਼ਾਮਲ ਹੈ| ਮੁਲਜ਼ਮਾਂ ਖਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਦਫ਼ਾ 420, 473 ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਨੂੰ ਅੱਜ ਇਥੇ ਅਦਾਲਤ ਦੇ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਮੁਲਜ਼ਮਾਂ ਦਾ ਦੋ ਦਿਨ ਲਈ ਪੁਲੀਸ ਰਿਮਾਂਡ ਦਿੱਤਾ ਹੈ|