ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹਾ ਪੁਲੀਸ ਨੇ ਸਤਲੁਜ ਦਰਿਆ ਵਿੱਚੋਂ ਗੈਰਕਾਨੂੰਨੀ ਤੌਰ ’ਤੇ ਮਾਈਨਿੰਗ ਕਰਦੇ ਚਾਰ ਵਿਅਕਤੀਆਂ ਨੂੰ ਐਤਵਾਰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਜਦੋਂ ਕਿ ਉਨ੍ਹਾਂ ਦੇ ਚਾਰ ਸਾਥੀ ਮੌਕੇ ਤੋਂ ਫਰਾਰ ਹੋ ਗਏ| ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇਕ ਪੋਕਲੇਨ ਮਸ਼ੀਨ, ਰੇਤ ਨਾਲ ਭਰੀਆਂ ਤਿੰਨ ਟਰੈਕਟਰ-ਟਰਾਲੀਆਂ ਅਤੇ ਤਿੰਨ ਟਿੱਪਰ ਕਬਜ਼ੇ ਵਿੱਚ ਲਏ ਹਨ| ਸਰਹੱਦੀ ਖੇਤਰ ਦੇ ਪਿੰਡ ਕਾਲੇਕੇ ਉਤਾੜ ਦੇ ਵਸਨੀਕਾਂ ਦੀ ਸੂਚਨਾ ’ਤੇ ਪੁਲੀਸ ਅਧਿਕਾਰੀ ਸਬ ਇੰਸਪੈਕਟਰ ਕੇਵਲ ਸਿੰਘ ਨੇ ਮੌਕੇ ’ਤੇ ਜਾ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਚਾਰ ਸਾਥੀ ਮੌਕੇ ਤੋਂ ਫਰਾਰ ਹੋ ਗਏ| ਮੁਲਜ਼ਮਾਂ ਵਿੱਚ ਇਕ ਜਣਾ ਇਲਾਕੇ ਦੇ ਪਿੰਡ ਕੋਟ ਬੁੱਢਾ ਦਾ ਵਾਸੀ ਵਰਿਆਮ ਸਿੰਘ ਹੈ ਜਦਕਿ ਬਾਕੀ ਦੇ ਤਿੰਨ ਜਣੇ ਸੁਖਦੇਵ ਸਿੰਘ, ਚਮਕੌਰ ਸਿੰਘ ਅਤੇ ਕਾਲਾ ਸਿੰਘ ਕਾਲੂ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਵਾਸੀ ਹਨ| ਇਸ ਸਬੰਧੀ ਪੱਟੀ ਸਦਰ ਦੀ ਪੁਲੀਸ ਨੇ 21(1) ਮਾਈਨਿੰਗ ਐਕਟ, 379 ਫੌਜਦਾਰੀ ਐਕਟ ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਨੂੰ ਅੱਜ ਅਦਾਲਤ ਦੇ ਪੇਸ਼ ਕੀਤਾ ਗਿਆ|