ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 6 ਅਪਰੈਲ
ਹਲਕਾ ਖਡੂਰ ਸਾਹਿਬ ਵਿੱਚ ਪੈਂਦੇ ਪਿੰਡ ਬ੍ਰਹਮਪੁਰਾ ਵਿੱਚ ਦੋ ਗੁੱਟਾਂ ਵਿਚਕਾਰ ਹੋਈ ਲੜਾਈ ਵਿੱਚ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ ਲੜਾਈ ਵਿੱਚ ਦੋਵਾਂ ਧੜਿਆਂ ਦੇ ਦੋ-ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਿੰਡ ਬ੍ਰਹਮਪੁਰਾ ਦੇ ਵਸਨੀਕ ਹਰਦੀਪ ਸਿੰਘ ਨੇ 13 ਲੱਖ ਵਿੱਚ ਕਾਰ ਖ਼ਰੀਦੀ ਸੀ, ਜੋ ਬਾਅਦ ਵਿੱਚ ਉਸ ਨੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੂੰ 9 ਲੱਖ ਰੁਪਏ ਵਿੱਚ ਵੇਚ ਦਿੱਤੀ। ਕਾਰ ਵੇਚਣ ਦੀ ਭੂਮਿਕਾ ਡੀਲਰ ਪ੍ਰਿੰਸ ਬ੍ਰਹਮਪੁਰਾ ਨੇ ਨਿਭਾਈ। ਪ੍ਰਿੰਸ ਬ੍ਰਹਮਪੁਰਾ ਨਾਲ ਕੁਝ ਲੋਕਾਂ ਦੀ ਦੁਸ਼ਮਣੀ ਸੀ। ਇਸ ਦੌਰਾਨ ਪਿੰਡ ਨੌਸ਼ਹਿਰਾ ਪੰਨੂਆਂ ਵਿੱਚ ਕੁੱਝ ਵਿਅਕਤੀਆਂ ਨੇ ਪ੍ਰਿੰਸ ਬ੍ਰਹਮਪੁਰਾ ਨੂੰ ਕੁੱਟਮਾਰ ਦਾ ਸ਼ਿਕਾਰ ਬਣਾਇਆ। ਪ੍ਰਿੰਸ ਬ੍ਰਹਮਪੁਰਾ ਆਪਣੇ ਭਰਾ ਜਸ਼ਨ ਨਾਲ ਬੁੱਧਵਾਰ ਦੁਪਹਿਰ ਹਰਦੀਪ ਸਿੰਘ ਦੇ ਘਰ ਪਹੁੰਚਿਆ। ਉੱਥੇ ਦੂਜੇ ਧੜੇ ਦੇ ਲੋਕ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਦੋਵਾਂ ਭਰਾਵਾਂ ਪ੍ਰਿੰਸ ਅਤੇ ਜਸ਼ਨ ‘ਤੇ ਹਮਲਾ ਕਰ ਦਿੱਤਾ। ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਇਸ ਹਮਲੇ ਵਿੱਚ ਦੂਜੇ ਧੜੇ ਦੇ ਬਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਏ। ਥਾਣਾ ਚੋਹਲਾ ਸਾਹਿਬ ਦੇ ਇੰਚਾਰਜ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਆਈ ਬਲਦੇਵ ਰਾਜ ਨੇ ਮੌਕੇ ’ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।